ਡਿਜੀਟਲ ਮੀਡੀਆ ਐਸੋਸੀਏਸ਼ਨ ,ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਵਧਾਈ
ਚੰਡੀਗੜ੍ਹ, 17 ਮਾਰਚ(ਵਿਸ਼ਵ ਵਾਰਤਾ)- ਡਿਜੀਟਲ ਮੀਡੀਆ ਐਸੋਸੀਏਸ਼ਨ,ਪੰਜਾਬ ਨੇ ਅੱਜ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨੇ ‘ਤੇ ਵਧਾਈ ਦਿੱਤੀ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਭਾਰਤ ਦਾ ਨੰਬਰ ਇਕ ਸੂਬਾ ਬਣਨ ਲਈ ਅੱਗੇ ਵਧੇਗਾ। ਡਿਜੀਟਲ ਮੀਡੀਆ ਐਸੋਸੀਏਸ਼ਨ ਦੀ ਅੱਜ ਵਿਧਾਨ ਸਭਾ ਕੰਪਲੈਕਸ ਵਿੱਚ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਸ਼ਲਾਘਾ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਹੈ ਕਿ “ਭਗਵੰਤ ਮਾਨ ਕੋਲ ਪੰਜਾਬ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਹੈ ਅਤੇ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਨਵੇਂ ਵਿਚਾਰ ਹਨ”। ਮਤੇ ਵਿੱਚ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਕਿ ਭਗਵੰਤ ਮਾਨ ਜ਼ਮੀਨੀ ਪੱਧਰ ਤੋਂ ਉੱਠ ਕੇ ਇਸ ਮੁਕਾਮ ਤੱਕ ਪਹੁੰਚੇ ਹਨ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਸਮਝਦੇ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਮੁੱਖ ਸਰਪ੍ਰਸਤ ਬਲਜੀਤ ਬੱਲੀ ਨੇ ਕੀਤੀ ਅਤੇ ਮਤਾ ਚੇਅਰਮੈਨ ਸਤਿੰਦਰ ਬੈਂਸ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਪ੍ਰਸ਼ਾਸਨ ਦੀ ਕਾਇਆ ਕਲਪ ਕਰਨ ਦੇ ਯਤਨਾਂ ਵਿੱਚ ਡਿਜੀਟਲ ਮੀਡੀਆ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਚੁਣੇ ਜਾਣ ਨਾਲ ਪੰਜਾਬ ਦੇ ਲੋਕਾਂ ਵਿੱਚ ਨਵੀਂ ਉਮੀਦ ਬੱਝੀ ਹੈ। ਐਸੋਸੀਏਸ਼ਨ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸਾਂਝਾ ਕਰਦੀ ਹੈ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਮੌਜੂਦਾ ਅਹੁਦਾ ਸੰਭਾਲਣ ਲਈ ਭਰਵਾਂ ਸਮਰਥਨ ਦਿੱਤਾ।
ਐਸੋਸੀਏਸ਼ਨ ਦੇ ਮੈਂਬਰ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਬਾਰੇ ਵਿਚਾਰ ਸਾਂਝੇ ਕਰਨ ਲਈ ਜਲਦੀ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਮੰਗ ਕਰਨਗੇ। ਇਸ ਮੌਕੇ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਵਿੱਚ ਮਹਾਵੀਰ ਜੈਨ ਡੀ \ ਸੀਨੀਅਰ ਮੀਤ ਪ੍ਰਧਾਨ, ਐਚ.ਐਸ. ਬਾਵਾ ਮੀਤ ਪ੍ਰਧਾਨ, ਦਵਿੰਦਰ ਸਿੰਘ ਕੋਹਲੀ ਜਨਰਲ ਸਕੱਤਰ, ਪਰਮਿੰਦਰ ਸਿੰਘ ਜੱਟਪੁਰੀ ਸਕੱਤਰ ਤੇ ਖਜ਼ਾਨਚੀ, ਪ੍ਰਸ਼ਾਂਤ ਸ਼ਰਮਾ ਸੰਯੁਕਤ ਸਕੱਤਰ ਨੇ ਵੀ ਮਤੇ ਦਾ ਸਮਰਥਨ ਕੀਤਾ।