ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਿਖੇ ਭਾਰਤੀ ਵਾਯੂ ਸੈਨਾ ‘ਚ ਅਗਨੀਵੀਰ ਵਾਯੂ ਦੀ ਭਰਤੀ ਲਈ ਰਜਿਸਟ੍ਰੇਸ਼ਨ 31 ਮਾਰਚ ਤੱਕ
ਐੱਸ.ਏ.ਐੱਸ ਨਗਰ, 24 ਮਾਰਚ(ਵਿਸ਼ਵ ਵਾਰਤਾ)- ਭਾਰਤੀ ਵਾਯੂ ਸੈਨਾ ਚ ਅਗਨੀਵੀਰ ਵਾਯੂ ਦੀ ਭਰਤੀ ਲਈ ਰਜਿਸਟ੍ਰੇਸ਼ਨ 31 ਤੱਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੀਨਾਕਸ਼ੀ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ‘ਚ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 17 ਮਾਰਚ ਤੋਂ 31 ਮਾਰਚ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਪ੍ਰੀਖਿਆ 20 ਮਈ ਤੋਂ ਬਾਅਦ ਹੋਵੇਗੀ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਭਾਰਤੀ ਵਾਯੂ ਸੈਨਾ ‘ਚ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਜਨਮ ਸੀਮਾ 26 ਦਸੰਬਰ 2002 ਤੋਂ 26 ਜੂਨ 2006 (ਦੋਨੋਂ ਦਿਨ ਸ਼ਾਮਿਲ) ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਨੇ 12ਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ‘ਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ‘ਚ ਉਮੀਦਵਾਰ ਦੇ ਇਮਤਿਹਾਨਾਂ ਵਿਚੋਂ 50 ਫੀਸਦੀ ਅੰਕ ਹਾਸਲ ਕੀਤੇ ਹੋਣ, ਉਹ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਯੋਗ ਹਨ। ਅਗਨੀਵੀਰਾਂ ਦੀ ਭਰਤੀ ਲਈ ਅਣਵਿਆਹੇ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ। ਇਸ ਇਮਤਿਹਾਨ ‘ਚ ਰਜਿਸਟਰ ਕਰਨ ਲਈ 250 ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਮੈਡੀਕਲ ਸਟੈਂਡਰਡ, ਯੋਗਤਾ ਤੇ ਨੌਕਰੀ ਸਬੰਧੀ ਜਾਣਕਾਰੀ ਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ ਵੈਬਸਾਈਟ ‘ਤੇ ਲਾਗਇਨ ਕਰ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।