ਚੰਡੀਗੜ੍ਹ ‘ਚ ਕਲੱਬ ਮਾਲਕ ਤੋਂ 1 ਕਰੋੜ ਦੀ ਫਿਰੌਤੀ ਦਾ ਮਾਮਲਾ – 1 ਨਾਬਾਲਗ ਸਮੇਤ ਬੰਬੀਹਾ ਗੈਂਗ ਦੇ 2 ਮੈਂਬਰ ਗ੍ਰਿਫਤਾਰ
ਚੰਡੀਗੜ੍ਹ 29 ਦਸੰਬਰ(ਵਿਸ਼ਵ ਵਾਰਤਾ)–ਲਾਰੈਂਸ ਗੈਂਗ ਦੇ ਐਂਟੀ ਗੈਂਗ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 24 ਸਾਲਾ ਮੁਲਜ਼ਮ ਸੋਨੂੰ ਨੂੰ 3 ਦਿਨਾਂ ਲਈ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਦੂਜੇ ਪਾਸੇ ਦੂਜੇ ਦੋਸ਼ੀ ਦੀ ਉਮਰ ਸਿਰਫ 13 ਸਾਲ ਹੈ, ਜਿਸ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਬੰਬੀਹਾ ਗੈਂਗ ਨੂੰ ਹਥਿਆਰ ਸਪਲਾਈ ਕਰਨ ਅਤੇ ਚੰਡੀਗੜ੍ਹ ਦੇ ਇੱਕ ਨਾਈਟ ਕਲੱਬ ਤੋਂ 1 ਕਰੋੜ ਰੁਪਏ ਦੀ ਲੁੱਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਤੋਂ ਪੰਜਾਬ ਵਿੱਚ ਵਾਪਰੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਪੰਜਾਬ ਪੁਲਿਸ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੰਬੀਹਾ ਗਰੁੱਪ ਨੂੰ 10 ਪਿਸਤੌਲ ਅਤੇ ਕਾਰਤੂਸ ਪਹੁੰਚਾਏ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਹਨ।ਗੋਲੀਬਾਰੀ ਦੀ ਘਟਨਾ 15 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 7 ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਵਾਪਰੀ ਸੀ। ਪੁਲਿਸ ਅਨੁਸਾਰ ਕਲੱਬ ਦੇ ਮਾਲਕ ਵੱਲੋਂ ਜਬਰੀ ਵਸੂਲੀ ਦੇ ਰੂਪ ਵਿੱਚ 1 ਕਰੋੜ ਰੁਪਏ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਦੇ ਕਲੱਬ ਦੇ ਬਾਹਰ 4 ਰਾਉਂਡ ਫਾਇਰਿੰਗ ਕੀਤੀ ਗਈ। ਇਸ ਦੇ ਨਾਲ ਹੀ ਕਲੱਬ ਦੇ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਕਲੱਬ ਦੇ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਕਲੈਕਸ਼ਨ ਕਾਲ ਆਈ ਸੀ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਫੋਨ ਕਰਨ ਵਾਲੇ ਨੇ ਕਲੱਬ ਦੇ ਮਾਲਕ ਤੋਂ ਕਲੱਬ ‘ਚ 25 ਫੀਸਦੀ ਹਿੱਸੇਦਾਰੀ ਦੀ ਵੀ ਮੰਗ ਕੀਤੀ ਸੀ।