ਗੜੇਮਾਰੀ, ਝੱਖੜਾਂ ਅਤੇ ਬਿਜਲੀ ਪ੍ਰਬੰਧਾਂ ਦੀ ਨਾਕਾਮੀ ਕਾਰਨ ਤਬਾਹ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ -ਉਗਰਾਹਾਂ,ਮਾਨ
ਚੰਡੀਗੜ੍ਹ 20 ਅਪ੍ਰੈਲ (ਵਿਸ਼ਵ ਵਾਰਤਾ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੜੇਮਾਰੀ ਤੇ ਝੱਖੜ ਜਿਹੀਆਂ ਕੁਦਰਤੀ ਆਫਤਾਂ ਨਾਲ ਤਬਾਹ ਹੋਈਆਂ ਕਣਕ, ਸਰ੍ਹੋਂ , ਸਬਜ਼ੀਆਂ, ਫਲਾਂ ਦੀਆਂ ਫ਼ਸਲਾਂ ਅਤੇ ਬਿਜਲੀ ਅਧਿਕਾਰੀਆਂ ਦੀਆਂ ਗਲਤੀਆਂ ਕਾਰਨ ਸੜ ਕੇ ਸੁਆਹ ਹੋਈ ਕਣਕ ਦੀ ਫਸਲ ਦਾ ਪੂਰਾ ਮੁਆਵਜਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ। ਇਸ ਸੰਬੰਧੀ ਇੱਥੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਸੰਬੰਧੀ ਸਿਰਫ ਐਲਾਨ ਹੀ ਕੀਤੇ ਜਾਂਦੇ ਹਨ ਜਦੋਂ ਕਿ ਕਿਸਾਨਾਂ ਨੂੰ ਧੇਲਾ ਵੀ ਨਹੀਂ ਦਿੱਤਾ ਜਾਂਦਾ। ਉਹਨਾਂ ਦੱਸਿਆ ਕਿ ਇਸ ਵਾਰ ਮਾਰਚ ਦੇ ਪਹਿਲੇ ਹਫਤੇ ਹੋਈ ਗੜੇਮਾਰੀ ਤੇ ਤੂਫਾਨ ਕਾਰਨ ਕਿਸਾਨਾਂ ਦੀ ਕਣਕ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਸ ਤੋਂ ਬਾਅਦ ਕੱਲ੍ਹ ਸ਼ਾਮ/ਰਾਤ ਨੂੰ ਹੋਈ ਗੜੇਮਾਰੀ ਕਾਰਨ ਫਿਰ ਤਰਨਤਾਰਨ , ਫਿਰੋਜ਼ਪੁਰ ਅਤੇ ਮੋਗਾ ਜਿਲੇ ਵਿੱਚ ਸੈਂਕੜੇ ਏਕੜ ਪੱਕੀ ਫਸਲ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਅਧਿਕਾਰੀਆਂ ਦੀ ਅਣਗਹਿਲੀ ਜਾਂ ਹੋਰ ਕਾਰਨਾਂ ਕਰਕੇ ਅੱਗ ਲੱਗਣ ਕਾਰਨ ਪਿੰਡ ਘੁੱਦਾ( ਬਠਿੰਡਾ) ਅਤੇ ਹੋਰਨਾਂ ਥਾਵਾਂ ‘ਤੇ ਕਿਸਾਨਾਂ ਦੀ ਕਣਕ ਸੜ ਕੇ ਸਵਾਹ ਹੋ ਗਈ ਹੈ। ਪਰ ਪੰਜਾਬ ਸਰਕਾਰ ਵੱਲੋਂ ਬਾਰ-ਬਾਰ ਸਿਰਫ ਐਲਾਨ ਹੀ ਕੀਤੇ ਜਾਂਦੇ ਹਨ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਫਸਲਾਂ ਦੇ ਹੋਏ ਖਰਾਬੇ ਦੀ ਵਿਸ਼ੇਸ਼ ਗਰਦਾਵਰੀ ਕਰਵਾ ਕੇ ਤੁਰੰਤ ਪੂਰੇ ਮੁਆਵਜ਼ੇ ਦੀ ਰਾਸ਼ੀ ਜਾਰੀ ਕਰੇ ਜਾਂ ਫਿਰ ਟਾਲ-ਮਟੋਲ ਦੀ ਸੂਰਤ ਵਿੱਚ ਕਿਸਾਨਾਂ ਦੇ ਗੁੱਸੇ ਦਾ ਸੇਕ ਝੱਲਣ ਲਈ ਤਿਆਰ ਰਹੇ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਗੜੇਮਾਰੀ ਕਾਰਨ ਹੋਈ ਕਣਕ ਦੀ ਫਸਲ ਦੇ ਖਰਾਬੇ ਦਾ ਮੁਆਵਜ਼ਾ ਕੁੱਝ ਕੁ ਪਿੰਡਾਂ ਦੇ ਕਿਸਾਨਾਂ ਨੇ ਤਿੱਖਾ ਸੰਘਰਸ਼ ਕਰ ਕੇ ਅਤੇ ਮੋਰਚੇ ਲਾ ਕੇ ਹੀ ਲਿਆ ਸੀ। ਇਸ ਤੋਂ ਪਹਿਲਾਂ ਨਰਮੇ ਦੀ ਫਸਲ ਦੇ ਗੁਲਾਬੀ ਸੁੰਡੀ ਕਾਰਨ ਹੋਏ ਭਾਰੀ ਨੁਕਸਾਨ ਦਾ ਸਰਕਾਰ ਵੱਲੋਂ ਸੰਗਰੂਰ ਵਿਖੇ ਕਿਸਾਨਾਂ ਦੇ ਮੋਰਚੇ ਦੌਰਾਨ ਕੀਤਾ ਗਿਆ ਮੁਆਵਜ਼ਾ ਦੇਣ ਦਾ ਐਲਾਨ ਵੀ ਸਿਰਫ ਐਲਾਨ ਹੀ ਰਹਿ ਗਿਆ ਸੀ। ਕਿਸਾਨ ਆਗੂਆਂ ਵੱਲੋਂ ਹੁਣ ਵੀ ਸਰਕਾਰ ਦੁਆਰਾ ਅਜਿਹਾ ਵਤੀਰਾ ਧਾਰਨ ਕਰਨ ਦੀ ਸੂਰਤ ਵਿੱਚ ਕਿਸਾਨਾਂ ਨੂੰ ਇਸ ਮੁੱਦੇ ਉੱਤੇ ਕਰੜਾ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ।