ਖਾਲਸਾ ਕਾਲਜ ਇੰਜਨੀਅਰਿੰਗ ਨੇ ‘ਵਿਸ਼ਵ ਜਲ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 25 ਮਾਰਚ (ਵਿਸ਼ਵ ਵਾਰਤਾ )-ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਦਿਨੋ ਦਿਨ ਘੱਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਭੂਮੀਗਤ ਪਾਣੀ: ਅਦਿੱਖ ਤੇ ਦਿੱਖ’ ਵਿਸ਼ੇ ’ਤੇ ‘ਵਿਸ਼ਵ ਜਲ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।
ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਦੇ ਸਹਿਯੋਗ ਨਾਲ ਉਲੀਕੇ ਇਸ ਸੈਮੀਨਾਰ ’ਚ ਵਿਦਿਆਰਥੀਆਂ ਨੇ ਰਣਜੀਤ ਐਵੀਨਿਊ ਦੇ ਵੱਖ-ਵੱਖ ਬਲਾਕਾਂ ’ਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਪਾਣੀ ਦੀ ਮਹੱਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਡਾ. ਬਾਲਾ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਅਸਲ ’ਚ ਸਮਾਜ ਨੂੰ ਪਾਣੀ ਦੇ ਚੱਲ ਰਹੇ ਸੰਕਟ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਅਤੇ ਉਨ੍ਹਾਂ ਦਾ ਇਸ ਸਬੰਧੀ ਹੁਣ ਜਾਗਰੂਕ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਇਕ-ਇਕ ਬੂੰਦ ਦੀ ਬੇਲੋੜੀ ਵਰਤੋਂ, ਸ਼ੋਸ਼ਣ ਅਤੇ ਬਰਬਾਦੀ ਨੂੰ ਰੋਕਣਾ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੋ ਸਕਦਾ ਹੈ ਅਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਣੀ ਇਕ ਅਜਿਹੀ ਚੀਜ਼ ਹੈ ਜੋ ਇਸ ਪੂਰੇ ਬ੍ਰਹਿਮੰਡ ’ਤੇ ਸਮੂਹ ਜੀਵਾਂ ਲਈ ਜੀਵਨ ਨੂੰ ਪਰਿਭਾਸ਼ਿਤ ਕਰਦੀ ਹੈ। ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਪੋਸਟਰ ਅਤੇ ਰੈਲੀ ਰਾਹੀਂ ਆਪਣੇ ਵਿਚਾਰ ਸਭਨਾ ਸਾਹਮਣੇ ਪੇਸ਼ ਕੀਤੇ।
ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਮਾਗਮ ਦੇ ਸੰਚਾਲਕ ਅਤੇ ਕੋਆਰਡੀਨੇਟਰ ਡਾ: ਰਿਪਿਨ ਕੋਹਲੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਜਾਗਰੂਕਤਾ ਰੈਲੀਆਂ ਅਤੇ ਸਮਾਗਮ ਭਵਿੱਖ ’ਚ ਜਾਰੀ ਰੱਖਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸੰਕਟ ਤੋਂ ਚੌਕਸ ਰਹਿਣ ਅਤੇ ਇਸ ਸਬੰਧੀ ਠੋਸ ਉਪਰਾਲੇ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਮਹਿੰਦਰ ਸੰਗੀਤਾ, ਇੰਜ਼: ਬਿਕਰਮਜੀਤ ਸਿੰਘ, ਡਾ. ਰਿਪਿਨ ਕੋਹਲੀ, ਸ੍ਰੀ. ਪੀ. ਪ੍ਰਸ਼ਾਂਤ, ਸ੍ਰੀ ਤਾਰਿਕ ਅਹਿਮਦ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।