22 ਦਿਨਾਂ ਵਿੱਚ ਹੀ ਮੁਕੰਮਲ ਹੋਈ 78 ਫੀਸਦੀ ਖਰੀਦ-ਵਿਸਵਾਜੀਤ ਖੰਨਾ
ਨਿਰਵਿਘਨ ਖਰੀਦ ਦੇ ਸੁਚਾਰੂ ਪ੍ਰਬੰਧ ਕਰਨ ਲਈ ਕਾਰਗਰ ਸਿੱਧ ਹੋਈ ਮੰਡੀ ਬੋਰਡ ਦੀ ਵਿਉਂਤਬੰਦੀ
ਮੰਡੀਆਂ ’ਚ ਪੜਾਅਵਾਰ ਕਣਕ ਲਿਆਉਣ ਦਾ ਕੰਮ ਪਾਸ ਪ੍ਰਣਾਲੀ ਨੇ ਕੀਤਾ ਸੁਖਾਲਾ, ਹੁਣ ਤੱਕ 13.71 ਲੱਖ ਪਾਸ ਜਾਰੀ
ਕਿਸਾਨਾਂ ਦੇ ਹੱਥਾਂ ਦੀ ਸਫਾਈ 34000 ਲਿਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ
ਖਰੀਦ ਕਾਰਜਾਂ ਵਿੱਚ ਜੁਟੇ 5600 ਮੁਲਾਜ਼ਮਾਂ ਨੂੰ ਵੀ 1.60 ਲੱਖ ਮਾਸਕ ਅਤੇ ਸੈਨੀਟਾਈਜ਼ਰ ਦੀਆਂ 18000 ਬੋਤਲਾਂ ਵੰਡੀਆਂ
ਚੰਡੀਗੜ, 7 ਮਈ( ਵਿਸ਼ਵ ਵਾਰਤਾ)- ਕੋਵਿਡ ਦਰਮਿਆਨ ਕਰਫਿੳੂ/ਲੌਕਡਾੳੂਨ ਦੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਖਰੀਦ ਵਿੱਚ 100 ਲੱਖ ਮੀਟਰਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਦੇ 22 ਦਿਨਾਂ ਦੇ ਸਮੇਂ ’ਚ ਸੂਬੇ ਵਿੱਚ ਖਰੀਦ ਦਾ 78 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਹਾੜੀ ਦੇ ਇਸ ਸੀਜ਼ਨ ਦੌਰਾਨ 135 ਲੱਖ ਮੀਟਰਕ ਟਨ ਦਾ ਅਨੁਮਾਨ ਮਿੱਥਿਆ ਹੈ ਅਤੇ ਹੁਣ ਤੱਕ ਮੰਡੀਆਂ ਵਿੱਚ 105.14 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਤਕਰੀਬਨ 104 ਲੱਖ ਟਨ ਕਣਕ ਖਰੀਦੀ ਵੀ ਜਾ ਚੁੱਕੀ ਹੈ।
ਕਰਫਿੳੂ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਫਸਲ ਲਿਆਉਣ ਲਈ ਮੰਡੀ ਬੋਰਡ ਵੱਲੋਂ ਲਾਗੂ ਕੀਤੀ ਗਈ ਪਾਸ ਪ੍ਰਣਾਲੀ ਨੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ। ਉਨਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 13.71 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਹਾੜੀ ਦਾ ਮੌਜੂਦਾ ਮੰਡੀਕਰਨ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਨਾਲੋਂ ਵੱਖਰਾ ਅਤੇ ਵੱਧ ਚੁਣੌਤੀਪੂਰਨ ਸੀ ਕਿਉਂਕਿ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮੰਡੀਆਂ ਵਿੱਚ ਭੀੜ-ਭੜੱਕਾ ਰੋਕਣਾ ਵੱਡੀ ਜ਼ਿੰਮੇਵਾਰੀ ਸੀ। ਉਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਫਸਲ ਦੀ ਖਰੀਦ ਦੌਰਾਨ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰ ਸਟਾਫ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਜਿਸ ਤਹਿਤ ਇਸ ਵਾਰ ਮੰਡੀਆਂ ਦੀ ਗਿਣਤੀ 1834 ਤੋਂ ਦੁੱਗਣੀ ਕਰਕੇ 4000 ਤੱਕ ਕਰ ਦਿੱਤੀ ਗਈ ਅਤੇ ਫਸਲ ਲਾਹੁਣ ਲਈ 30*30 ਦੇ ਡੱਬੇ ਬਣਾਏ ਗਏ ਤਾਂ ਕਿ ਕਿਸੇ ਵੀ ਥਾਂ ’ਤੇ ਭੀੜ ਨਾ ਜੁੜੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਸਮੇਤ ਸਿਹਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਵੀ ਬੋਰਡ ਨੂੰ ਸਫਲਤਾ ਹਾਸਲ ਹੋਈ।
ਉਨਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨਾਂ ਦੇ ਹੱਥਾਂ ਦੀ ਸਫਾਈ ਲਈ 34000 ਲਿਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਖਰੀਦ ਕੇਂਦਰਾਂ ਵਿੱਚ ਹੱਥ ਧੋਣ ਲਈ 1300 ਟੈਂਕੀਆਂ ਵੀ ਲਾਈਆਂ ਗਈਆਂ ਜੋ ਹੱਥਾਂ ਦੀ ਛੋਹ ਤੋਂ ਬਗੈਰ ਸਿਰਫ ਪੈਰਾਂ ਨਾਲ ਪੈਡਲ ਦਬਾਉਣ ਨਾਲ ਚਲਦੀਆਂ ਸਨ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਖਰੀਦ ਕਾਰਜਾਂ ਵਿੱਚ ਜੁਟੇ 5600 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 1.60 ਲੱਖ ਰੈਗੂਲਰ ਮਾਸਕ ਅਤੇ ਸੈਨੀਟਾਈਜ਼ਰ ਦੀਆਂ 18000 ਬੋਤਲਾਂ ਦੀ ਵੰਡ ਕੀਤੀ ਗਈ ਤਾਂ ਕਿ ਸਿਹਤ ਸੁਰੱਖਿਆ ਦੀ ਪਾਲਣਾ ਨੂੰ ਪੂਰੀ ਤਰਾਂ ਯਕੀਨੀ ਬਣਾਇਆ ਜਾ ਸਕੇ।
——-
MP Gurjeet Singh Aujla ਪਹੁੰਚੇ ਖਨੌਰੀ ਸਰਹੱਦ, ਕਿਸਾਨ ਆਗੂ Jagjit Singh Dallewal ਨੂੰ ਮਿਲੇ
MP Gurjeet Singh Aujla ਪਹੁੰਚੇ ਖਨੌਰੀ ਸਰਹੱਦ, ਕਿਸਾਨ ਆਗੂ Jagjit Singh Dallewal ਨੂੰ ਮਿਲੇ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਪੰਜਾਬ...