ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ੁਰੂ ਕੀਤੀ ਪਾਸ ਪ੍ਰਣਾਲੀ ਦੇ ਨਤੀਜੇ ਵਧੀਆ ਰਹੇ ਤ੍ਰਿਪਤ ਬਾਜਵਾ
ਬਟਾਲਾ, 29 ਅਪ੍ਰੈਲ ਵਿਸ਼ਵ ਵਾਰਤਾ ) – ਕੋਰੋਨਾ ਵਾਇਰਸ ਕਰਕੇ ਅਨਾਜ ਮੰਡੀਆਂ ਅੰਦਰ ਪੂਰੇ ਇਹਤਿਆਤ ਵਰਤਦਿਆਂ ਚੱਲ ਰਹੀ ਕਣਕ ਦੀ ਖਰੀਦ ਦੇ ਪ੍ਰਬੰਧਾਂ ਉਪਰ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸ. ਬਾਜਵਾ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਖਰੀਦੀ ਜਾ ਚੁੱਕੀ ਕਣਕ ਦੀ ਲਿਫਟਿੰਗ `ਚ ਹੋਰ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਫਤਿਹਗੜ੍ਹ ਚੂੜੀਆਂ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ। ਸ. ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਣ ਲਈ ਰਾਜ ਸਰਕਾਰ ਵਚਨਬੱਧ ਹੈ ਅਤੇ ਇਸ ਲਈ ਮੁੱਖ ਮੰਤਰੀ ਪੰਜਾਬ ਵਲੋਂ ਅਧਿਕਾਰੀਆਂ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਸ. ਬਾਜਵਾ ਨਾਲ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਓਂਕਾਰ ਸਿੰਘ ਲਾਟੀ, ਸੈਕਟਰੀ ਮਾਰਕਿਟ ਕਮੇਟੀ ਸ. ਬਿਕਰਮਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਮੰਡੀਆਂ `ਚ ਭੀੜ ਭੜੱਕਾ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਵੇਕਲੀ ਪਹਿਲਕਦਮੀ `ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪਾਸ ਪ੍ਰਣਾਲੀ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਮੰਡੀਆਂ ਵਿੱਚ ਪੂਰੀ ਅਹਤਿਆਤ ਵਰਤੀ ਜਾ ਰਹੀ ਹੈ ਅਤੇ ਮੰਡੀਆਂ ਵਿੱਚ ਜਿਣਸ ਦੀ ਖਰੀਦ, ਬਾਰਦਾਨੇ, ਮਜ਼ਦੂਰਾਂ, ਲਿਫਟਿੰਗ ਆਦਿ ਦੇ ਪੁਖਤਾ ਪ੍ਰਬੰਧਾਂ ਤੋਂ ਇਲਾਵਾ ਕਣਕ ਦੀ ਗੁਣਵੱਤਾ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਤਹਿਤ ਸਮਾਜਿਕ ਦੂਰੀ, ਸੈਨੇਟਾਈਜੇਸ਼ਨ ਆਦਿ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਸਿਹਤ ਐਡਵਾਈਜ਼ਰੀ ਦੇ ਮੱਦੇਨਜ਼ਰ ਪੜਾਅਵਾਰ ਕਣਕ ਲਿਆਉਣ ਦੇ ਬਾਵਜੂਦ ਹੁਣ ਤੱਕ ਮਨੋਨੀਤ ਪੰਜਾਬ ਭਰ ਦੇ 4100 ਖਰੀਦ ਕੇਂਦਰਾਂ ਲਈ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ 7.13 ਲੱਖ ਤੋਂ ਵੱਧ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਦੀਆਂ ਮੰਡੀਆਂ `ਚ ਖੁਸ਼ਹਾਲੀ ਦੇ ਰਾਖੇ ਜੀ.ਓ.ਜੀ. ਤੇ ਪੁਲੀਸ ਮੁਲਾਜ਼ਮ ਵੀ ਨਿਰਵਿਘਨ ਖਰੀਦ ਕਾਰਜਾਂ ਤੋਂ ਇਲਾਵਾ ਸਾਰੀਆਂ ਧਿਰਾਂ ਦੀ ਸਫਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਡਿਊਟੀ ਨਿਭਾਅ ਰਹੇ ਹਨ। ਸ. ਬਾਜਵਾ ਨੇ ਕਿਹਾ ਕਿ ਮੰਡੀਆਂ `ਚ ਇਸ ਵਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਖਾਸ ਪ੍ਰਬੰਧ ਕੀਤੇ ਗਏ ਸਨ, ਜਿਸ `ਚ ਪੀਣ ਵਾਲੇ ਪਾਣੀ, ਹੱਥ ਧੋਹਣ ਲਈ ਸਾਬਣ ਆਦਿ ਸਮੇਤ ਸੈਨੇਟਾਈਜੇਸ਼ਨ ਸ਼ਾਮਲ ਹੈ।