ਚੰਡੀਗੜ੍ਹ 24 ਅਪ੍ਰੈਲ( ਵਿਸ਼ਵ ਵਾਰਤਾ )-ਕਿਸਾਨਾਂ ਦੀ ਰਿਹਾਈ ਦੀ ਮੰਗ ‘ਤੇ ਅੜੇ ਹੋਏ ਸੰਗਠਨਾਂ ਨੇ 8ਵੇਂ ਦਿਨ ਵੀ ਸ਼ੰਭੂ ‘ਚ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਨਵਦੀਪ ਸਿੰਘ, ਅਨੀਸ਼ ਖਟਕੜ ਅਤੇ ਗੁਰਕੀਰਤ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਨੂੰ ਜਬਰੀ ਫਸਾਇਆ ਗਿਆ ਹੈ। ਕਿਸਾਨ ਨਹੀਂ ਚਾਹੁੰਦੇ ਸਨ ਕਿ ਰੇਲਵੇ ਟਰੈਕ ਜਾਮ ਕੀਤਾ ਜਾਵੇ ਪਰ ਉਹ ਅਜਿਹਾ ਕਰਨ ਲਈ ਮਜ਼ਬੂਰ ਹੋਏ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸਰਹੱਦਾਂ ’ਤੇ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।
ਕਿਸਾਨ ਅੰਦੋਲਨ ਕਾਰਨ ਮੰਗਲਵਾਰ ਨੂੰ ਫ਼ਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀਆਂ 45 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ, ਜਦਕਿ 60 ਦੇ ਰੂਟ ਬਦਲੇ ਗਏ। ਰੇਲਵੇ ਡਿਵੀਜ਼ਨ ਫ਼ਿਰੋਜ਼ਪੁਰ ਨੇ 4,765 ਯਾਤਰੀਆਂ ਨੂੰ 25,09,310 ਰੁਪਏ ਦਾ ਰਿਫੰਡ ਦਿੱਤਾ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਸੱਤਵੇਂ ਦਿਨ ਵੀ ਰੇਲਵੇ ਟਰੈਕ ਜਾਮ ਰਿਹਾ। ਇਸ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਦੀਆਂ 45 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ 60 ਦੇ ਰੂਟ ਬਦਲੇ ਗਏ। ਅੰਬਾਲਾ ਡਵੀਜ਼ਨ ਦੀ ਗੱਲ ਕਰੀਏ ਤਾਂ 68 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 74 ਦੇ ਰੂਟ ਬਦਲੇ ਗਏ। ਇਸ ਦੇ ਨਾਲ ਹੀ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਬੀਕਾਨੇਰ ਡਵੀਜ਼ਨ ਦੀਆਂ 11 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਮੰਗਲਵਾਰ ਨੂੰ ਕੁੱਲ 124 ਟਰੇਨਾਂ ਰੱਦ ਰਹੀਆਂ, ਜਦਕਿ 134 ਨੂੰ ਡਾਇਵਰਟ ਕੀਤਾ ਗਿਆ।