ਕਿਸਾਨ ਅੰਦੋਲਨ 2.0 ਅੱਜ 9ਵੇਂ ਦਿਨ ’ਚ ਦਾਖਲ
ਅੱਜ ਕਿਸਾਨ ਅੰਦੋਲਨ ਨੂੰ ਕਰਨਗੇ ਹੋਰ ਤੇਜ਼- 11 ਵਜੇ ਦਿੱਲੀ ਵੱਲ ਵਧਣਗੇ ਅੱਗੇ
ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ- ਟਰਾਲੀਆਂ ਸਮੇਤ ਡਟੇ ਹੋਏ ਹਨ ਸ਼ੰਭੂ ਬਾਰਡਰ ’ਤੇ
ਪੁਲਿਸ ਵੱਲੋਂ ਲਗਾਏ ਗਏ ਹਨ ਥਾਂ-ਥਾਂ ਤੇ ਨਾਕੇ
ਚੰਡੀਗੜ੍ਹ,21ਫਰਵਰੀ(ਵਿਸ਼ਵ ਵਾਰਤਾ)13 ਫਰਵਰੀ ਤੋਂ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਕਿਸਾਨ ਦਿੱਲੀ ਜਾਣ ਲਈ ਲਗਾਤਾਰ ਪੰਜਾਬ-ਹਰਿਆਣਾ ਸਰਹੱਦ ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਵੱਲੋਂ ਕਈ ਵਾਰ ਕਿਸਾਨ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ, ਜੋ ਕਿ ਹਰ ਵਾਰ ਬੇਸਿੱਟਾ ਰਹੀਆਂ। ਅੱਜ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਹਨ। ਅੱਜ ਕਿਸਾਨ ਵੱਡੀ ਗਿਣਤੀ ਵਿੱਚ ਸਵੇਰੇ 11 ਵਜੇ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨਾਂ ਦਾ ਮੁੱਖ ਕਾਫਲਾ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਖਨੌਰੀ ਬਾਰਡਰ ਤੋਂ ਵੀ ਹਰਿਆਣਾ ਵਿਚ ਦਾਖਲ ਹੋਣਗੇ। ਇੱਥੋਂ ਉਹ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਜਾਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨ ਪੰਜਾਬ ਤੋਂ ਭਾਰੀ ਮਸ਼ੀਨਰੀ ਲੈ ਕੇ ਸ਼ੰਭੂ ਬਾਰਡਰ ਪਹੁੰਚੇ ਹਨ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲ ਵੀ ਚੌਕਸ ਹਨ। ਸ਼ੰਭੂ ਸਰਹੱਦ ‘ਤੇ ਸੀਮਿੰਟ ਦੇ ਗਰਡਰ ਅਤੇ ਕੰਡਿਆਲੀ ਤਾਰਾਂ ਵਿਛਾ ਕੇ 7 ਲੇਅਰ ਬੈਰੀਕੇਡਿੰਗ ਕੀਤੀ ਗਈ ਹੈ। ਇਸੇ ਤਰ੍ਹਾਂ ਪੁਲੀਸ ਨੇ 8 ਦਿਨਾਂ ਤੋਂ ਕਿਸਾਨਾਂ ਨੂੰ ਇੱਥੇ ਰੋਕ ਕੇ ਰੱਖਿਆ ਹੋਇਆ ਹੈ। ਹਰਿਆਣਾ ਪੁਲੀਸ ਦੇ ਬੈਰੀਕੇਡ ਤੋੜਨ ਲਈ ਕਿਸਾਨ ਜੇਸੀਬੀ ਅਤੇ ਹਾਈਡ੍ਰੌਲਿਕ ਕਰੇਨ ਵਰਗੀ ਭਾਰੀ ਮਸ਼ੀਨਰੀ ਲੈ ਕੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਬੁਲੇਟਪਰੂਫ ਪੋਕਲੇਨ ਮਸ਼ੀਨ ਵੀ ਲਿਆਂਦੀ ਗਈ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਅੱਥਰੂ ਗੈਸ ਦੇ ਗੋਲਿਆਂ ਤੋਂ ਵੀ ਪ੍ਰਭਾਵਿਤ ਨਾ ਹੋਣ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਲਿਆ। ਕੇਂਦਰ ਨੇ 5 ਫਸਲਾਂ ਕਪਾਹ, ਮੱਕੀ, ਦਾਲ, ਅਰਹਰ ਅਤੇ ਉੜਦ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ ਸੀ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਤੇ ਅੱਜ ਕਿਸਾਨ ਦਿੱਲੀ ਵੱਲ ਅੱਗੇ ਵਧਣਗੇ। ਸ਼ੰਭੂ ਸਰਹੱਦ ‘ਤੇ 1200 ਦੇ ਕਰੀਬ ਟਰੈਕਟਰ ਅਤੇ ਖਨੌਰੀ ਸਰਹੱਦ ‘ਤੇ 800 ਟਰੈਕਟਰ ਖੜ੍ਹੇ ਹਨ। ਉਨ੍ਹਾਂ ਦੀ ਗਿਣਤੀ ਵਧ ਸਕਦੀ ਹੈ।