ਮੈਂਬਰਾਂ ਨੇ ਰੱਖੇ ਆਪਣੇ ਸੁਝਾਅ
ਮੁਹਾਲੀ, 11 ਮਈ( ਵਿਸ਼ਵ ਵਾਰਤਾ)-: ਕੋਰੋਨਾ ਮਹਾਂਮਾਰੀ ਦੇ ਮੱਦਨਜ਼ਰ ਲਾਗੂ ਤਾਲਾਬੰਦੀ ਵਿਚਾਲੇ ਆਪਣੇ ਘਰਾਂ ਨੂੰ ਪਲਾਇਣ ਕਰ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਵਾਸਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਗਠਿਤ ਮੋਹਾਲੀ ਤੇ ਰੂਪਨਗਰ ਜ਼ਿਲੵਿਆਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਕਮੇਟੀ ਦੇ ਚੇਅਰਮੈਨ ਮਨੀਸ਼ ਤਿਵਾੜੀ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਦੇ ਕੁਆਰਡੀਨੇਟਰ ਪੰਜਾਬ ਕਾਂਗਰਸ ਦਫ਼ਤਰ ਇੰਚਾਰਜ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ, ਐੱਮ.ਪੀ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਚੰਗੇ ਪ੍ਰਬੰਧ ਕੀਤੇ ਗਏ ਹਨ। ਪਰ ਇਨ੍ਹਾਂ ਚ ਕੁਝ ਹੋਰ ਬਦਲਾਅ ਕਰਕੇ ਪ੍ਰਵਾਸੀਆਂ ਦੀ ਸੁਵਿਧਾ ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਲਈ ਰੂਪਨਗਰ ਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਮੁਹਾਲੀ ਲਿਆ ਕੇ ਉੱਥੋਂ ਟ੍ਰੇਨਾਂ ਚ ਸਬੰਧਤ ਸੂਬਿਆਂ ਨੂੰ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਮੁਹਾਲੀ ਚ ਕਰੀਬ 85 ਹਜ਼ਾਰ ਪ੍ਰਵਾਸੀਆਂ ਨੇ ਘਰ ਜਾਣ ਲਈ ਅਪਲਾਈ ਕੀਤਾ ਹੈ। ਉਨ੍ਹਾਂ ਪ੍ਰਵਾਸੀਆਂ ਨੂੰ ਜਲਦੀ ਵਾਪਸ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਕਈ ਉਦਯੋਗਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਹਾਲਾਤਾਂ ਚ ਸੁਧਾਰ ਆ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਪ੍ਰਵਾਸੀਆਂ ਦੀਆਂ ਸਮੱਸਿਆ ਨੂੰ ਲੈ ਕੇ ਜਲਦੀ ਹੀ ਕਮੇਟੀ ਰੂਪਨਗਰ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਮੀਟਿੰਗ ਕਰੇਗੀ ।
ਉੱਥੇ ਹੀ, ਦੂਜਿਆਂ ਮੈਂਬਰਾਂ ਨੇ ਪ੍ਰਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ। ਜਿਨ੍ਹਾਂ ਚੋਂ ਕਈ ਪੈਦਲ ਆਪਣੇ ਘਰਾਂ ਨੂੰ ਨਿਕਲ ਰਹੇ ਹਨ। ਸਰਕਾਰ ਨੂੰ ਇਨ੍ਹਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
ਜਦਕਿ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਰਕਾਰ ਅਪਲਾਈ ਕਰਨ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਵਾਰੀ ਦੇ ਆਧਾਰ ਤੇ ਬੱਸਾਂ ਰਾਹੀਂ ਵੱਖ ਵੱਖ ਥਾਵਾਂ ਤੋਂ ਲਿਆ ਕੇ, ਸਕਰੀਨਿੰਗ ਕਰਕੇ ਤੇ ਭੋਜਨ, ਟਿਕਟਾਂ ਆਦਿ ਮੁਹੱਈਆ ਕਰਵਾ ਕੇ ਸਬੰਧਤ ਸੂਬਿਆਂ ਨੂੰ ਭੇਜ ਰਹੀ ਹੈ। ਜਦਕਿ ਉਨ੍ਹਾਂ ਵੱਲੋਂ ਚੁੱਕੇ ਮੁੱਦਿਆਂ ਨੂੰ ਉਹ ਅੱਗੇ ਹਾਈ ਕਮਾਂਡ ਕੋਲ ਰੱਖਣਗੇ।
ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਮੁਹਾਲੀ ਕਾਂਗਰਸ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਮੁਹਾਲੀ ਪਲਾਨਿੰਗ ਬੋਰਡ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਇੰਫੋਟੈਕ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਕੰਗ, ਮੁਹਾਲੀ ਯੂਥ ਕਾਂਗਰਸ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਇੰਟਕ ਦੇ ਕਾਰਜਕਾਰੀ ਪ੍ਰਧਾਨ ਸੁਖਦੇਵ ਸਿੰਘ ਤੇ ਉਦਯੋਗਪਤੀ ਦੇਵੀ ਦਿਆਲ ਗਰਗ ਵੀ ਸ਼ਾਮਲ ਰਹੇ।