ਇੱਕੀਵੀਂ ਸਦੀ ਦਾ ਔਰੰਗਜ਼ੇਬ
ਔਰੰਗਜ਼ੇਬ ਦੇ ਹੱਥ ਵਿਚ ਭਾਵੇਂ,
ਹੁਣ ਕੋਈ ਤਲਵਾਰ ਨਹੀਂ ਹੈ ।
ਪਰ ਇਹ ਸਾਡਾ ਯਾਰ ਨਹੀਂ ਹੈ।
ਇਸ ਦੀ ਅੱਖ, ਸ਼ਰਾਰਤ ਓਹੀ।
ਧਰਮ ਕਰਮ ਦੇ ਨਾਂ ਦੇ ਥੱਲੇ ।
ਚਾਹੁੰਦਾ ਆਪਣੀ ਬੱਲੇ ਬੱਲੇ ।
ਚੋਲਾ ਬਦਲ ਬਦਲ ਕੇ ਆਵੇ ।
ਆਮ ਸਧਾਰਨ ਜਨ ਭਰਮਾਵੇ।
ਕਦੇ ਆਖਦੈ ਪੰਥ ਨੂੰ ਖ਼ਤਰਾ,
ਕਦੇ ਜਨੇਊ ਆਪ ਉਤਾਰੇ ।
ਆਖੀ ਜਾਵੇ, ਆਖੀ ਜਾਵੇ।
ਇਕੋ ਰੰਗ ਦੇ ਕੱਪੜੇ ਪਾਉ ,
ਇਸ ਧਰਤੀ ਦੇ ਲੋਕੀਂ ਸਾਰੇ ।
ਬਾਹੂਬਲੀ ਵਿਖਾਵੇ ਖ਼ਾਤਰ,
ਘੜਦੈ ਨਿਸ ਦਿਨ ਨਵੇਂ ਬਹਾਨੇ।
ਕਰਨਾ ਚਾਹੁੰਦੈ ਮੁੱਠੀ ਦੇ ਵਿਚ,
ਕੁੱਲ ਧਰਤੀ ਦੇ ਮਾਲ ਖ਼ਜ਼ਾਨੇ ।
ਰਾਮ ਰਹੀਮ ਵੀ ਬੁੱਝ ਨਹੀਂ ਸਕਦੇ,
ਕੀਹ ਹੈ ਇਸ ਦੇ ਦਿਲ ਦੇ ਅੰਦਰ।
ਖ਼ੁਦ ਰਖਵਾਲਾ ਬਣ ਬਹਿੰਦਾ ਏ ,
ਕੰਬੀ ਜਾਂਦੇ ਮਸਜਿਦ ਮੰਦਰ।
ਸੇਹ ਦਾ ਤੱਕਲਾ ਗੱਡ ਦੇਂਦਾ ਏ ,
ਇਹ ਜਿਸ ਧਰਤੀ ‘ਤੇ ਵੀ ਜਾਵੇ।
ਇੱਟਾਂ ਵਾਂਗੂੰ ਬੰਦੇ ਪੱਥੇ ,
ਮਗਰੋਂ ਚਿਣ ਦਿੰਦਾ ਵਿਚ ਆਵੇ।
ਕਦੇ ਵਿਕਾਸ ਕਰਨ ਦੇ ਨਾਂ ‘ਤੇ
ਪਰਲੂ ਫੇਰੇ ਜਿੱਧਰ ਜਾਵੇ।
ਅਰਮਾਨਾਂ ਨੂੰ ਇਹ ਨਾ ਜਾਣੇ ,
ਵੰਡੀ ਜਾਵੇ ਹਾਉਕੇ ਹਾਵੇ।
ਮਤਲਬ ਖ਼ਾਤਰ ਰੂਪ ਬਦਲਦਾ,
ਮੱਥੇ ਤਿਲਕ, ਦਿਲੇ ਦਾ ਕਾਲਾ।
ਧਰਮ ਕਰਮ ਦਾ ਕਾਰਜ ਕਹਿ ਕੇ,
ਬੇਸ਼ਰਮੀ ਦੀ ਫੇਰੇ ਮਾਲਾ।
ਕਦੇ ਅਯੁੱਧਿਆ ਦੇ ਵਿਚ ਜਾ ਕੇ,
ਬਣੀ ਪੁਰਾਤਨ ਮਸਜਿਦ ਤੋੜੇ।
ਲੋੜ ਪਈ ’ਤੇ ਗੁਰਧਾਮਾਂ ਵਿਚ,
ਵਾੜੇ ਆਪਣੇ ਖੋਤੇ ਘੋੜੇ।
ਇਸ ਦੀ ਖੋਟੀ ਨੀਅਤ ਅੱਗੇ,
ਕੀ ਮਸਜਿਦ ਤੇ ਕੀਹ ਹੈ ਮੰਦਰ?
ਰਿੱਛਾਂ ਵਾਂਗੂੰ ਲੋਕ ਨਚਾਵੇ,
ਇਸ ਯੁੱਗ ਦਾ ਇਹ ਅਜਬ ਕਲੰਦਰ।
ਔਰੰਗਜ਼ੇਬ ਤਜ਼ਾਰਤ ਸਿੱਖਿਆ,
ਹੁਣ ਇਹ ਲੱਭਦਾ ਫਿਰਦੈ ਮੰਡੀਆਂ।
ਜਿਸ ਧਰਤੀ ‘ਤੇ ਜਾ ਬਹਿੰਦਾ ਏ,
ਓਥੇ ਹੀ ਪਾ ਦੇਂਦੈ ਵੰਡੀਆਂ।
ਘੜੇ ਵਿਧਾਨ ਜਿਵੇਂ ਖ਼ੁਦ ਚਾਹਵੇ,
ਬਣ ਜਾਵੇ ਹਮਦਰਦ ਪੁਰਾਣਾ।
ਇਸ ਦੇ ਜੈ ਜੈ ਕਾਰ ਬੁਲਾਵੇ,
ਜਿਸ ਕੁਰਸੀ ਨੂੰ ਕਰਦੈ ਕਾਣਾ।
ਨਵੀਂ ਨਸਲ ਦਾ ਇਹ ਅਬਦਾਲੀ,
ਆਉਂਦਾ ਨਹੀਂ ਹੁਣ ਘੋੜੇ ਚੜ੍ਹ ਕੇ।
ਸਬਕ ਪੜ੍ਹਾਵੇ, ਜੋ ਮਨ ਚਾਹਵੇ,
ਪਾਠ ਪੁਸਤਕਾਂ ਅੰਦਰ ਵੜ ਕੇ ।
ਪੈਸੇ ਨਾਲ ਖ਼ਰੀਦ ਲਵੇ ਇਹ,
ਪੜ੍ਹੇ ਲਿਖੇ ਸਭ ਘੁੱਗੂ ਘੋੜੇ ।
ਨਾਲ ਸਿਕੰਦਰ ਪੋਰਸ ਰਲਿਆ,
ਵਾਗ ਏਸ ਦੀ ਜਿਹੜਾ ਮੋੜੇ ।
ਸਭ ਤੇਗਾਂ, ਕਿਰਪਾਨਾਂ ਹੁਣ ਤਾਂ,
ਜਾਮ ਪਈਆਂ ਨੇ ਵਿਚ ਮਿਆਨਾਂ।
ਧਰਤੀ ਦੀ ਮਰਿਯਾਦ ਭੁੱਲੀ,
ਵਿੰਨ੍ਹਿਆਂ ਆਪਣੇ ਤੀਰ ਕਮਾਨਾਂ।
ਸੀਸ ਤਲੀ ਤੇ ਧਰਕੇ ਕਿਹੜਾ
ਸਾਡੇ ਲਈ ਸਰਬੰਸ ਲੁਟਾਵੇ ?
ਦੀਨ ਦੁਖੀ ਦੀ ਢਾਲ ਬਣੇ ਤੇ,
ਜਬਰ ਜ਼ੁਲਮ ਨੂੰ ਮਾਰ ਮੁਕਾਵੇ ।
ਸਾਡੇ ਰੌਸ਼ਨ ਕੱਲ੍ਹ ਦੀ ਖ਼ਾਤਰ,
ਟੁਕੜੇ ਟੁਕੜੇ ‘ਅੱਜ’ ਕਰਵਾਵੇ।
ਸ਼ੇਰ ਦੇ ਲੀੜੇ ਭੇਡੂ ਪਾ ਲਏ,
ਉਸ ਨੂੰ ਕੋਈ ਸ਼ੇਰ ਨਹੀਂ ਕਹਿੰਦਾ।
ਲੀਲ੍ਹਾ ਕਰਕੇ ਰਾਮ ਬਣੇ ਨਾ,
ਰਾਮੂ ਤਾਂ ਰਾਮੂ ਹੀ ਰਹਿੰਦਾ।
ਜਦ ਗਿੱਦੜ ਦੀ ਮੌਤ ਬੁਲਾਵੇ,
ਹੰਕਾਰੀ ਹੈ ਹਰ ਥਾਂ ਖਹਿੰਦਾ।
ਅੱਜ ਇਰਾਕ ਸੁਹਾਗਾ ਫੇਰੇ,
ਪਹਿਲਾਂ ਵੀਅਤਨਾਮ ਤੇ ਚੜ੍ਹਿਆ।
ਧਰਤੀ ਦੇ ਅਣਖੀਲੇ ਪੁੱਤਰਾਂ,
ਇਸ ਦਾ ਅੱਥਰਾ ਘੋੜਾ ਫੜਿਆ।
ਸਾਡੇ ਵਿਚੋਂ ਮਰ ਚੱਲਿਆ ਕਿਓਂ,
ਸੱਚ ਦਾ ਪੁੱਤਰ, ਗੁਰ ਦਾ ਚੇਲਾ।
ਨੱਕੋ ਨੱਕ ਜ਼ੁਲਮਾਂ ਦਾ ਸਰਵਰ,
ਹੋਇਆ ਹੁਣ ਤਾਂ ਤਰਣ ਦੁਹੇਲਾ।
ਜਾਗੋ, ਜਾਗੋ, ਸੌਣ ਵਾਲਿਉ,
ਹੋ ਚੁੱਕਿਆ ਜਾਗਣ ਦਾ ਵੇਲਾ।
ਚਾਰ ਦਿਨਾਂ ਦੀ ਕੁਲ ਜ਼ਿੰਦਗਾਨੀ,
ਹੋ ਨਾ ਜਾਵੇ ਹੋਰ ਕੁਵੇਲਾ।
ਗੁਰਭਜਨ ਗਿੱਲ