ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ ਤੋਂ ਗਰੂਰ ਤੋੜਨ ਦਾ ਲੋਕਾਂ ਨੂੰ ਦਿੱਤਾ ਸੱਦਾ
ਮਾਨਸਾ/ਝੁਨੀਰ, 6 ਮਈ (ਵਿਸ਼ਵ ਵਾਰਤਾ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 400 ਪਾਰ ਨਹੀਂ,ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮੁੜ ਤੀਜੀ ਵਾਰ ਸੱਤਾ ਵਿੱਚ ਲਿਆਉਣ ਦਾ ਵੱਡਾ ਹੋਕਾ ਦਿੱਤਾ ਹੈ,ਪਰ ਸੰਵਿਧਾਨ ਲਈ ਖ਼ਤਰਾ ਬਣੇ ਪ੍ਰਧਾਨ ਮੰਤਰੀ ਨੂੰ ਪਹਿਲੇ ਦੋ ਗੇੜਾਂ ਵਿੱਚ ਮੁਲਕ ਦੇ ਲੋਕਾਂ ਨੂੰ ਮੁੜਕਾ ਲਿਆ ਦਿੱਤਾ ਹੈ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਚੌਥੀ ਹਰਸਿਮਰਤ ਬਾਦਲ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਤੋਂ ਰੋਕਕੇ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਚਕਨਾ ਚੂਰ ਕਰਨ ਵਿੱਚ ਵੱਡੀ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਹਾਰ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਲਈ ਹਰਸਿਮਰਤ ਬਾਦਲ ਦਾ ਗਰੂਰ ਤੋੜਨਾ ਵੀ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਸਭ ਤੋਂ ਵੱਡੀ ਜਿੰਮੇਵਾਰੀ ਬਣ ਗਈ ਹੈ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਝੁਨੀਰ ਕਸਬਾ ਵਿਖੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਕੀਤੀ ਗਈ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧੂੰਆ-ਧਾਰ ਤਕਰੀਰ ਵਿੱਚ ਕਿਹਾ ਕਿ ਮਾਲਵਾ ਖੇਤਰ ਦੇ ਬਹਾਦਰ ਲੋਕ ਜੇਕਰ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦਰਜਨ ਤੋਂ ਵੱਧ ਵਾਰ ਵਿਧਾਇਕ ਬਣਦੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਹਰਾ ਸਕਦੇ ਹਨ ਤਾਂ ਹੁਣ ਹਰਸਿਮਰਤ ਕੌਰ ਬਾਦਲ ਦੀ ਬੇੜੀਆਂ ਵਿੱਚ ਵੱਟੇ ਵੀ ਇੱਥੋਂ ਦੇ ਬਹਾਦਰ ਲੋਕ ਹੀ ਪਾਉਣਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਇੱਕ ਸਾਊ ਮਨੁੱਖ, ਖਾਨਦਾਨੀ ਇਮਾਨਦਾਰ ਅਤੇ ਪੜ੍ਹੇ-ਲਿਖੇ ਸ਼ਰੀਫ਼ ਬੰਦੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਲੀਮੈਂਟ ਵਿੱਚ ਭੇਜਣ ਦੀ ਲੋੜ ਹੈ, ਜਿਸ ਵੱਲੋਂ ਕਿਸਾਨੀ ਦੇ ਮਸਲਿਆਂ ਨੂੰ ਸਭ ਤੋਂ ਵੱਧ ਸੰਸਦ ਵਿੱਚ ਉਠਾਏ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਜਦੋਂ ਖੇਤੀ ਕਾਨੂੰਨ ਪਾਸ ਹੋਏ ਸਨ, ਉਸ ਵੇਲੇ ਹਰਸਿਮਰਤ ਬਾਦਲ ਨਾਲ ਸੁਖਬੀਰ ਬਾਦਲ ਵੀ ਪਾਰਲੀਮੈਂਟ ਮੈਂਬਰ ਸਨ, ਜਿੰਨ੍ਹਾਂ ਵੱਲੋਂ ਨਰਿੰਦਰ ਮੋਦੀ ਦੇ ਦਬਾਅ ’ਚ ਆਕੇ ਕਾਨੂੰਨਾਂ ਦੇ ਹੱਕ ਵਿੱਚ ਹਾਮੀ ਭਰੀ।
ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਕਹਿਣ ਲੱਗੇ ਹਨ ਕਿ ਉਹ ਕਿਸਾਨ ਹੁੰਦੇ ਨੇ, ਪਰ ਮੈਂ ਪੁੱਛਦਾ ਹਾਂ ਕਿ ਜੇ ਉਹ ਕਿਸਾਨ ਨੇ, ਫਿਰ ਹਜ਼ਾਰਾਂ ਬੱਸਾਂ,ਹੋਟਲ ਕੀਹਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁੱਖਬਿਲਾਸ ਹੋਟਲ ਨੂੰ ਜਾਂਚ ਤੋਂ ਬਾਅਦ ਸਰਕਾਰੀ ਸਕੂਲ ਬਣਾਇਆ ਜਾਵੇਗਾ, ਜਿੱਥੇ ਆਮ ਘਰਾਂ ਦੇ ਬੱਚੇ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸੁੱਖਬਿਲਾਸ ਹੋਟਲ ਸੈਵਨ ਸਟਾਰ ਹੈ, ਜਿਸਦੀ 15 ਸਾਲ ਵਾਸਤੇ ਬਿਜਲੀ ਫ਼ਰੀ,ਟੈਕਸ ਫ਼ਰੀ ਬਾਦਲਾਂ ਨੇ ਆਪਣੀ ਸਰਕਾਰ ਦੌਰਾਨ ਕਰ ਦਿੱਤੀ ਸੀ ਅਤੇ ਉਸਦੇ ਇੱਕ ਕਮਰੇ ਦਾ 7 ਤੋਂ 15 ਲੱਖ ਰੁਪਏ ਇੱਕ ਰਾਤ ਦਾ ਕਿਰਾਇਆ ਹੈ ਅਤੇ ਉਸਦੇ ਹਰ ਕਮਰੇ ਪਿੱਛੇ ਇੱਕ ਤਲਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੁੱਖਬਿਲਾਸ ਹੋਟਲ ਵਿੱਚ ਦੁਨੀਆ ਦਾ ਪਹਿਲਾ ਸਕੂਲ ਬਣਾਏਗੀ, ਜਿਸਦੇ ਹਰ ਕਮਰੇ ਪਿੱਛੇ ਬੱਚਿਆਂ ਲਈ ਤਲਾਅ ਬਣਿਆ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਿਜਲੀ ਬੰਦ ਕਰਕੇ ਝੋਨਾ ਲੱਗਣ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 5 ਸਾਲਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਪੰਜਾਬ ਨੂੰ ਸੋਨਾ ਦੀ ਚਿੜੀ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ’ਤੇ ਭਰੋਸਾ ਕਰੋ, ਮੈਂ ਭਿ੍ਰਸ਼ਟਾਚਾਰ ਵਿੱਚ ਕਦੇ ਤੁਹਾਡਾ ਵਿਸ਼ਵਾਸ਼ ਨਹੀਂ ਤੋੜਾਂਗਾ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਵੋਟਾਂ ਹਾਸਲ ਕਰਨ ਦੀ ਚਾਲ ਚੱਲਣ ਵਾਲੇ ਨਰਿੰਦਰ ਮੋਦੀ ਨੂੰ ਹੁਣ ਖ਼ਤਰਾ ਖੜ੍ਹਾ ਹੋਇਆ ਪਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਵਰਦਿਆਂ ਕਿਹਾ ਕਿ ਜਦੋਂ ਮੁਗਲਾਂ ਦਾ ਰਾਜ ਸੀ, ਉਦੋਂ ਮੁਗਲਾਂ ਨਾਲ,ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਨਾਲ, ਜਦੋਂ ਕਾਂਗਰਸ ਦਾ ਰਾਜ ਸੀ, ਉਦੋਂ ਕਾਂਗਰਸ ਨਾਲ ਅਤੇ ਹੁਣ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਹੋਏ ਬੈਠੇ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਬੱਚਿਆਂ ਲਈ ਵੋਟਾਂ ਮੰਗ ਰਹੇ ਹਨ ਅਤੇ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਲਈ ਬਿਲਕੁਲ ਖਾਲੀ ਨਹੀਂ ਹੈ, ਇਹ ਭਰਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਲਈ ਭੂੰਦੜ ਤੇ ਮੋਫ਼ਰ ਪਰਿਵਾਰ ਇੱਕਠੇ ਹੋ ਜਾਂਦੇ ਹਨ, ਪਰ ਇਸ ਵਾਰ ਹੂੰਝਾ ਫੇਰ ਦਿਓ।
ਇਸ ਮੌਕੇ ਰੈਲੀ ਦੇ ਮੁੱਖ ਪ੍ਰਬੰਧਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਗੁਰਮੀਤ ਸਿੰਘ ਖੁੱਡੀਆਂ,ਪਿ੍ਰੰਸੀਪਲ ਬੁੱਧਰਾਮ,ਪ੍ਰੋ. ਬਲਜਿੰਦਰ ਕੌਰ, ਜਗਰੂਪ ਸਿੰਘ ਗਿੱਲ,ਡਾ.ਵਿਜੈ ਸਿੰਗਲਾ,ਅਮਿਤ ਰਤਨ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ: ਝੁਨੀਰ ਵਿਖੇ ਰੈਲੀ ਦੌਰਾਨ ਮੰਚ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।ਫੋਟੋ:ਮਾਨ
ਕੈਪਸ਼ਨ: ਝੁਨੀਰ ਵਿਖੇ ਰੈਲੀ ਦੌਰਾਨ ਮੰਚ ’ਤੇ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵਿਧਾਇਕ।ਫੋਟੋ:ਮਾਨ