ਚੰਡੀਗੜ੍ਹ 30 ਅਪ੍ਰੈਲ (ਵਿਸ਼ਵ ਵਾਰਤਾ )-ਅੰਮ੍ਰਿਤਾ ਵੜਿੰਗ ਨੇ ਆਪਦੇ ਦਿੱਤੇ ਬਿਆਨ ਤੇ ਮੁਆਫੀ ਮੰਗੀ ਹੈ , ਸੋਸ਼ਲ ਮੀਡੀਆ ਤੇ ਅੰਮ੍ਰਿਤਾ ਨੇ ਕਿਹਾ ‘ਸਭ ਤੋਂ ਪਹਿਲਾਂ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਸਭ ਤੋਂ ਮੁਆਫ਼ੀ ਮੰਗਣੀ ਚਾਹੁੰਦੀ ਹਾਂ ਜਿਹਨਾਂ ਦੀਆਂ ਭਾਵਨਾਵਾਂ ਨੂੰ ਮੇਰੇ ਅਣਜਾਣੇ ਵਿੱਚ ਬੋਲੇ ਗਏ ਬਿਆਨ ਤੋਂ ਠੇਸ ਪਹੁੰਚੀ ਹੈ। ਉਸ ਗੁਰੂ ਸਾਹਿਬ ਤੋੰ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਅਤੇ ਉਹਨਾਂ ਦੀ ਮਹਿਮਾ ਵਿਰੁੱਧ ਅਸੀਂ ਕਦੇ ਵੀ ਕੁੱਝ ਨਹੀਂ ਬੋਲ ਸਕਦੇ। ਮੈਂ ਤਾਂ ਉਸ ਅਕਾਲ ਪੁਰਖ ਦੀ ਇੱਕ ਨਿਮਾਣੀ ਜਿਹੀ ਸੇਵਾਦਾਰ ਹਾਂ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਹ ਵਾਹਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ ਮੈਂ ਆਪ ਸਭ ਜੀ ਪਾਸੋਂ ਮੁਆਫ਼ੀ ਮੰਗਦੀ ਹੋਈ ਭੁੱਲ ਬਖਸ਼ਾਉਂਦੀ ਹਾਂ।’
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਦੱਸ ਦਈਏ ਸੋਮਵਾਰ ਨੂੰ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਅਮ੍ਰਿਤਾ ਵੜਿੰਗ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟ ਮੰਗਣ ਪੁੱਜੇ ਉਥ ਹੀ ਆਪਣੀ ਸਪੀਚ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤੀ ਗਈ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਅਤੇ ਆਪਣਾ ਵਿਕਾਸ ਚਾਹੁੰਦੇ ਹੋ ਤਾਂ ਗੁਰੂ ਸਾਹਿਬਾਨਾਂ ਦੇ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਨੂੰ ਕਾਮਯਾਬ ਕਰੋ।