ਅਕਾਲੀ ਆਗੂਆਂ ਵੱਲੋਂ ਕਿਸਾਨ ਆਗੂਆਂ ‘ਤੇ ਹਮਲੇ ਦੀ ਨਿਖ਼ੇਧੀ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੱਲੋਂ ਘਟਨਾ ਦੀ ਸਖ਼ਤ ਨਿਖੇਧੀ, ਅਕਾਲੀ ਆਗੂਆਂ ‘ਤੇ ਪਰਚਾ ਦਰਜ਼ ਕਰਨ ਦੀ ਮੰਗ
ਕਿਸਾਨਾਂ ਵੱਲੋਂ ਕੱਲ੍ਹ 11 ਨਵੰਬਰ ਨੂੰ ਫਿਰੋਜ਼ਪੁਰ ‘ਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ
ਆਗੂਆਂ ਨੇ ਕਿਹਾ ਕਿ ਕਿਸਾਨਾਂ ‘ਤੇ ਗੋਲੀ ਚਲਾਉਣ ਵਾਲ਼ੇ ਅਕਾਲੀ ਆਗੂਆਂ ‘ਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕੀਤਾ ਜਾਵੇ – ਬੁਰਜ਼ਗਿੱਲ
ਚੰਡੀਗੜ੍ਹ,10 ਨਵੰਬਰ (ਵਿਸ਼ਵ ਵਾਰਤਾ):-ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬੂਟਾ ਸਿੰਘ ਬੁਰਜ਼ਗਿੱਲ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਰਮਿੰਦਰ ਸਿੰਘ ਪਟਿਆਲਾ ਅਤੇ ਰੁਲਦੂ ਸਿੰਘ ਮਾਨਸਾ ਨੇ ਫਿਰੋਜ਼ਪੁਰ ‘ਚ ਅਕਾਲੀ ਆਗੂਆਂ ਵੱਲੋਂ ਕਿਸਾਨ ਆਗੂਆਂ ‘ਤੇ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਵੱਲੋਂ ਕੱਲ੍ਹ 11 ਨਵੰਬਰ ਨੂੰ ਫਿਰੋਜ਼ਪੁਰ ‘ਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ‘ਤੇ ਗੋਲੀ ਚਲਾਉਣ ਵਾਲ਼ੇ ਅਕਾਲੀ ਆਗੂਆਂ ‘ਤੇ ਇਰਾਦਾ ਕਤਲ ਦਾ ਪਰਚਾ ਦਰਜ਼ ਕੀਤਾ ਜਾਵੇ। ਕਿਸਾਨ-ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੋਂ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ, ਪਰ ਅਕਾਲੀ ਆਗੂਆਂ ਨੇ ਸਵਾਲ ਨਹੀਂ ਪੁੱਛਣ ਦਿੱਤੇ, ਜਦੋਂ ਨੋਨੀ ਮਾਨ ਜਿੱਥੇ ਕਿਸਾਨ ਬੈਠੇ ਸਨ, ਉਸ ਪਾਸੇ ਵੱਲ ਨੂੰ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੀ ਗੱਡੀ ਸਿੱਧੀ ਕਿਸਾਨਾਂ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ਦੇ ਬੋਨਟ ‘ਤੇ ਟੰਗੇ ਗਏ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੂੰ ਕਿਲੋਮੀਟਰ ਤੱਕ ਗੱਡੀ ਭਜਾ ਕੇ ਲੈ ਗਏ ਅਤੇ ਗੱਡੀ ਐਨੀ ਤੇਜ਼ ਸੀ ਕਿ ਇਹ ਗੱਡੀ ਹੋਰ 2 ਗੱਡੀਆਂ ਨਾਲ ਵੀ ਟਕਰਾਈ!
ਘਟਨਾ ਨੂੰ ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਅਕਾਲੀ ਆਗੂ ਨੇ ਆਪਣੇ ਹਥਿਆਰ ਅਤੇ ਉਸਦੇ ਸੁਰੱਖਿਆ ਗਾਰਡਾਂ ਨੇ ਆਪਣੇ ਹਥਿਆਰਾਂ ਨਾਲ ਆਪਣੀ ਗੱਡੀ ‘ਤੇ ਆਪ ਹੀ ਫਾਇਰਿੰਗ ਕੀਤੀ, ਇਹ ਹਾਦਸਾ ਵੀ ਸ਼ਾਇਦ ਲਖੀਮਪੁਰ ਖੀਰੀ ਵਰਗਾ ਹੀ ਬਣ ਜਾਂਦਾ ਜੇਕਰ ਮਹਿਮਾ ਅਤੇ ਹੋਰ ਕਿਸਾਨ ਆਪਣੇ ਆਪ ਨੂੰ ਨਾ ਬਚਾਉਂਦੇ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਅਕਾਲੀ ਲੀਡਰ ਹਰਸਿਮਰਤ ਕੋਰ ਬਾਦਲ ਦੀ ਫਿਰੋਜ਼ਪੁਰ ਫੇਰੀ ਮੌਕੇ ਸਵਾਲ ਕਰਨ ਦੀ ਮੰਗ ਕਰਨ ‘ਤੇ ਅਕਾਲੀ ਲੀਡਰ ਜਿੰਦੂ ਅਤੇ ਨੋਨੀ ਨੇ ਕਾਰ ਦੇ ਬੌਨਟ ਤੇ ਡੇਢ ਕਿਲੋਮੀਟਰ ਤਕ ਹਰਨੇਕ ਸਿੰਘ ਮਹਿਮਾ ਨੂੰ ਘੜੀਸ ਕੇ ਗੱਡੀ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਮੇਂ ਅਕਾਲੀ ਆਗੂਆਂ ਵੱਲੋਂ ਗੋਲੀ ਵੀ ਚਲਾਈ ਗਈ। ਇਸ ਹਮਲੇ ‘ਚ ਕਿਸਾਨ ਵਰਕਰ ਜਖਮੀ ਵੀ ਹੋਏ। ਧਨੇਰ ਨੇ ਅਕਾਲੀ ਦਲ ਦੇ ਹਮਲਾਵਰਾਂ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨਾਂ ਸੂਬੇ ਭਰ ਚ ਇਸ ਬੁਖਲਾਹਟ ਅਤੇ ਗੁੰਡਾਗਰਦੀ ਖਿਲਾਫ ਆਵਾਜ ਉਠਾਉਣ ਦੀ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ । ਉਨਾਂ ਕਿਹਾ ਕਿ ਕਿਸਾਨ ਵਰਕਰਾਂ ਦੀ ਚੌਕਸੀ ਕਾਰਣ ਲਖੀਮਪੁਰ ਖੀਰੀ ਵਰਗੀ ਘਟਨਾ ਦੇ ਦੁਹਰਾਅ ਤੋਂ ਬਚਾਅ ਹੋ ਗਿਆ। ਉਂਝ ਭਾਜਪਾ ਤੇ ਅਕਾਲੀ ਕਲਚਰ ਚ ਕੋਈ ਅੰਤਰ ਨਹੀਂ ਹੈ। ਸਿਆਸਤ ਚ ਸਰਦਾਰੀ ਲਈ ਗੁੰਡਾਗਰਦੀ ਇਨਾਂ ਦੇ ਜਮਾਤੀ ਕਿਰਦਾਰ ਦਾ ਹੀ ਇਕ ਅਹਿਮ ਹਿੱਸਾ ਹੈ। ਉਨਾਂ ਕਿਹਾ ਕਿ ਮੋਰਚੇ ਦੇ ਸੱਦੇ ਅਨੁਸਾਰ ਹੀ ਕਿਸਾਨ ਅਕਾਲੀ ਲੀਡਰ ਨੂੰ ਸਵਾਲ ਕਰਨ ਲਈ ਇਕੱਠੇ ਹੋਏ ਸਨ ਤੇ ਇਹ ਲੋਕਾਂ ਦਾ ਜਮਹੂਰੀ ਹੱਕ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਇਸ ਜਮਹੂਰੀ ਹੱਕ ਨੂੰ ਦਰੜਣ ਦੀ ਇਜਾਜਤ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਵਲੋਂ ਕਦਾਚਿਤ ਨਹੀਂ ਦਿੱਤੀ ਜਾਵੇਗੀ।ਅਕਾਲੀਆਂ ਦੇ ਪੱਚੀ ਸਾਲ ਦੇ ਦੁਰਰਾਜ ਬਾਰੇ ਜੇਕਰ ਸਵਾਲ ਕਰਨ ਦਾ ਲੋਕਾਂ ਨੂੰ ਹੱਕ ਨਹੀਂ ਹੈ ਤਾਂ ਲੋਕ ਮਨਾਂ ਚੋਂ ਲੱਥ ਚੁਕੇ ਅਤੇ ਮੁੜ ਸੱਤਾ ਤੇ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਹੇ ਅਜਿਹੇ ਸਿਆਸੀ ਅਨਸਰਾਂ ਨੂੰ ਘੇਰਨ ਦਾ ਹੱਕ ਤਾਂ ਲੋਕ ਰਖਦੇ ਹੀ ਹਨ।