ਥ੍ਰੀ ਡੀ ਫਾਈਬਰ ਦੇ 21 ਵਿਲੱਖਣ ਮਾਡਲ ਪੇਸ਼ ਕਰ ਨੇ ਭਾਰਤ ਦੇ ਇਤਿਹਾਸ,ਸਭਿਆਚਾਰ ਦੀ ਅਸਲ ਤਸਵੀਰ
ਮਾਨਸਾ 7 ਜੁਲਾਈ( ਵਿਸ਼ਵ ਵਾਰਤਾ)- ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹੁਣ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਨਵੇਂ ਅਜੂਬਿਆਂ ਦੇ ਨਿਰਮਾਣ ਲਈ ਅੱਗੇ ਆਏ ਹਨ,ਅਜਿਹੀ ਹੀ ਪਹਿਲ ਕਦਮੀਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕੀਤੀ ਹੈ। ਛੇ ਮਹੀਨਿਆਂ ਅਤੇ 5 ਲੱਖ ਦੀ ਲਾਗਤ ਨਾਲ ਅਧਿਆਪਕਾਂ ਅਤੇ ਦਾਨੀਆਂ ਦੇ ਸਹਿਯੋਗ ਜ਼ਰੀਏ ਆਧੁਨਿਕ ਤਕਨੀਕਾਂ ਨਾਲ ਬਣਾਏ ਫਾਈਬਰ ਦੇ ਥ੍ਰੀ ਡੀ 21 ਮਾਡਲ ਰਾਹੀਂ ਭਾਰਤ ਦੇ ਇਤਿਹਾਸ , ਸਭਿਆਚਾਰ, ਸ਼ਹੀਦਾਂ ਦੀ ਗਾਥਾ ,ਮਨੁੱਖਤਾ ਦੇ ਵਿਕਾਸ ਅਤੇ ਹੋਰ ਅਨੇਕਾਂ ਵਰਤਾਰਿਆਂ ਦੀ ਅਸਲ ਤਸਵੀਰ ਨੂੰ ਵਿਦਿਆਰਥੀ ਨੇੜਿਓਂ ਦੇਖ ਸਕਣਗੇ। ਪੰਜਾਬ ਦੇ ਪਹਿਲੇ ਸਕੂਲ ਵਿੱਚ ਬਣਿਆ ਇਹ ਅਨੋਖਾ ਪ੍ਰੋਜੈਕਟ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਦੀ ਹਾਈਟੈੱਕ ਪੱਧਰ ਤੇ ਸਮਾਰਟ ਸਿੱਖਿਆ ਨੂੰ ਉਤਸ਼ਾਹਤ ਕਰਨ ਵਾਲੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਰਾਕੇਸ਼ ਸ਼ਰਮਾ ਖੁਦ ਅਪਣੇ ਸਕੂਲ ਤੋਂ ਨਵੇਕਲੇ ਪ੍ਰੋਜੈਕਟਰਾਂ ਦੀ ਸ਼ੁਰੂਆਤ ਕਰ ਰਹੇ ਹਨ। ਜਿਸ ਦੇ ਨਤੀਜੇ ਵਜੋਂ ਉਸ ਦਾ ਅਪਣਾ ਇਹ ਸਕੂਲ ਨਵੇਂ ਦਾਖਲਿਆਂ ਦੀ ਸੂਚੀ ਵਿੱਚ ਨੰਬਰ ਵਨ ਹੈ ਅਤੇ ਉਹ ਜਦੋਂ ਤੋ ਆਏ ਹਨ, ਇਸ ਸਕੂਲ ਦਾ ਸਾਰਾ ਨਕਸ਼ਾ ਬਦਲਕੇ ਰੱਖ ਦਿੱਤਾ ਹੈ,ਪਿਛਲੇ ਸ਼ੈਸਨ ਚ ਗਿਣਤੀ 763 ਸੀ,ਹੁਣ ਰਿਕਾਰਡ 1066 ਹੋ ਗਈ ਹੈ, 333 ਨਵੇਂ ਵਿਦਿਆਰਥੀਆਂ ਵਿਚੋਂ 162 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿਕੇ ਆਏ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਪਿ੍ੰਸੀਪਲ ਰਕੇਸ਼ ਸ਼ਰਮਾ ਦਾ ਇੱਕ ਸੁਪਨਾ ਸੀ ਜਿਸ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨੂੰ ਰੌਚਕ ਅਤੇ ਆਕਰਸ਼ਕ ਬਣਾ ਕੇ ਪੜ੍ਹਾਉਣ ਲਈ ਇੱਕ ਅਜੂਬਾ ਤਿਆਰ ਕਰਨਾ ,ਇਹ ਅਜੂਬਾ ਤਿਆਰ ਕਰਨ ਲਈ ਬਹੁਤ ਸਾਰੀਆਂ ਵਿਧੀਆਂ ਸਨ ਪਰ ਉਨ੍ਹਾਂ ਵੱਲੋਂ ਸਭ ਤੋਂ ਜ਼ਿਆਦਾ ਮਿਹਨਤ ਵਾਲੇ ਅਤੇ ਮਹਿੰਗੇ ਪ੍ਰੋਜੈਕਟ ਨੂੰ ਹੱਥ ਪਾਇਆ ਗਿਆ।ਇਸ ਦੇ ਵੱਖ ਵੱਖ ਮਾਡਲਾਂ ਨੂੰ ਬਣਾਉਣ ਵਿੱਚ ਉਘੇ ਬੁੱਤ ਸਾਜ਼ ਨਵਤੇਜ ਸਿੰਘ ਨੇ ਲਗਭਗ ਚਾਰ ਮਹੀਨੇ ਮਿਹਨਤ ਕੀਤੀ ਅਤੇ ਇਸ ਦੇ ਸਾਰੇ ਹੀ ਮਾਡਲ ਫਾਈਬਰ ਦੇ ਤਿਆਰ ਕੀਤੇ ਗਏ ਹਨ ਅਤੇ ਕੋਈ ਵੀ ਮਾਡਲ ਪਹਿਲਾਂ ਤੋਂ ਤਿਆਰ ਫਰਮੇ( ਸਾਂਚੇ) ਰਾਹੀਂ ਨਹੀਂ ਬਣਾਇਆ ਗਿਆ। ਸਾਰੇ ਹੀ ਮਾਡਲ ਮਾਸਟਰ ਪੀਸ ਹਨ ਅਤੇ ਇਨ੍ਹਾਂ ਦਾ ਕੋਈ ਨੈਗੇਟਿਵ ਨਹੀਂ ਹੈ। ਫਾਈਬਰ ਦੇ ਇਹ ਮਾਡਲ ਧੁੱਪ, ਛਾਂ, ਮੀਂਹ, ਹਨੇਰੀ ਨਾਲ ਖਰਾਬ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਤੇ ਕਿਸੇ ਤਰ੍ਹਾਂ ਦੀ ਕੋਈ ਸਲ੍ਹਾਬ ਦਾ ਅਸਰ ਹੁੰਦਾ ਹੈ । ਇਨ੍ਹਾਂ ਮਾਡਲਾਂ ਨੂੰ ਲੋੜ ਪੈਣ ਤੇ ਪਾਣੀ ਨਾਲ ਧੋਤਾ ਵੀ ਜਾ ਸਕਦਾ ਹੈ । ਇਸ ਅਜੂਬੇ ਵਿੱਚ ਸਮਾਜਿਕ ਸਿੱਖਿਆ ਦੇ ਸਾਰੇ ਪੱਖਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਭੁਗੋਲ, ਨਾਗਰਿਕ ਸ਼ਾਸਤਰ, ਇਤਿਹਾਸ , ਰਾਜਨੀਤੀ ਸ਼ਾਸਤਰ , ਭਾਰਤ ਦੀ ਆਜ਼ਾਦੀ ਦੀ ਲੜਾਈ, ਭਾਰਤ ਦੀਆਂ ਇਤਿਹਾਸਕ ਇਮਾਰਤਾਂ , ਪੰਜਾਬੀ ਸੱਭਿਆਚਾਰ ,ਮਨੁੱਖ ਦਾ ਵਿਕਾਸ ਅਤੇ ਮਨੁੱਖਤਾ ਦੀ ਸੇਵਾ ਵਿੱਚ ਪ੍ਰਸਿੱਧ ਹਸਤੀਆਂ , ਪੰਜਾਬ ਅਤੇ ਭਾਰਤ ਦੇ ਸ਼ਹੀਦਾਂ ਦੀ ਗਾਥਾ ਆਦਿ ਨੂੰ ਇਸ ਅਜੂਬੇ ਵਿੱਚ ਬਾਖ਼ੂਬੀ ਪ੍ਰਦਰਸ਼ਿਤ ਕੀਤਾ ਗਿਆ ਹੈ । ਅਜੂਬੇ ਵਿੱਚ ਭਗਤ ਪੂਰਨ ਅਤੇ ਮਦਰ ਟੈਰੇਸਾ ਦੇ ਬੁੱਤਾਂ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਇਨ੍ਹਾਂ ਹਸਤੀਆਂ ਅਤੇ ਉਨ੍ਹਾਂ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ।ਇਸ ਅਜੂਬੇ ਵਿੱਚ ਪ੍ਰਮੁੱਖਤਾ ਨਾਲ ਭਾਰਤ ਦਾ ਰਾਸ਼ਟਰੀ ਚਿੰਨ੍ਹ, ਸੰਸਦ ਭਵਨ, ਲਾਲ ਕਿਲ੍ਹਾ , ਸਾਂਚੀ ਸਤੂਪ, ਰਾਣੀ ਝਾਂਸੀ ,ਮਹਾਰਾਣਾ ਪ੍ਰਤਾਪ, ਸ਼ਿਵਾ ਜੀ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਸਟੈਚੂ ਆਫ ਲਿਬਰਟੀ, ਮਨੁੱਖੀ ਵਿਕਾਸ ਦਾ ਕ੍ਰਮ, ਨਮਕ ਅੰਦੋਲਨ, ਪੰਜਾਬੀ ਸੱਭਿਆਚਾਰ, ਪੰਜਾਬ ਦਾ ਨਕਸ਼ਾ, ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਕਸ਼ਾ, ਧਰਤੀ ਦੀਆਂ ਗਤੀਆਂ, ਧਰਤੀ ਦੀਆਂ ਪਰਤਾਂ, ਸੂਰਜ ਮੰਡਲ, ਭਾਰਤ ਦੀ ਮਿਜ਼ਾਈਲ ਜੀ ਐੱਸ ਐੱਲ ਵੀ ਦੇ ਮਾਡਲ ਤਿਆਰ ਕੀਤੇ ਗਏ ਹਨ ਜੋ ਕਿ ਬਿਲਕੁਲ ਵਾਸਤਵਿਕ ਪ੍ਰਤੀਤ ਹੁੰਦੇ ਹਨ ।
ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਫਾਈਬਰ ਦੇ ਮਾਡਲਾਂ ਵਿੱਚ ਜਾਨ ਪਾਉਣ ਦਾ ਕੰਮ ਆਰਟਿਸਟ ਰਣਧੀਰ ਸਿੰਘ ਨੇ ਲਗਪਗ ਦੋ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਪੂਰਾ ਕੀਤਾ ਹੈ । ਸਮਾਜਿਕ ਸਿੱਖਿਆ ਦਾ ਇਹ ਵਿਲੱਖਣ ਮਾਡਲ ਪੜ੍ਹਾਉਣ ਸਮੱਗਰੀ ਵਿੱਚ ਇੱਕ ਨਵਾਂ ਤਜਰਬਾ ਸਾਬਤ ਹੋਵੇਗਾ ਜਿਸ ਨਾਲ ਬਹੁਤ ਥੋੜ੍ਹੀ ਜਗ੍ਹਾ ਦਾ ਪ੍ਰਯੋਗ ਕਰਕੇ ਕਿਸੇ ਵੀ ਵਿਸ਼ੇ ਦੇ ਬਹੁਤ ਸਾਰੇ ਮਾਡਲ ਪ੍ਰਦਰਸ਼ਿਤ ਕੀਤੇ ਜਾ ਸਕਦੇ ਹਨ । ਇਸ ਵਿੱਚ ਲੱਗੇ ਸਾਰੇ ਹੀ ਮਾਡਲ 3D ਹਨ ਜਿਸ ਕਾਰਨ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਵਾਸਤਵਿਕ ਨਜ਼ਰ ਆਉਂਦੇ ਹਨ।
ਇਸ ਨਿਵੇਕਲੇ ਕਾਰਜ ਲਈ ਨੋਡਲ ਅਫਸਰ ਗੁਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਨੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਮੂਹ ਸਟਾਫ ਤੇ ਮਾਣ ਮਹਿਸੂਸ ਕੀਤਾ, ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਨਵੇਕਲੀਆਂ ਪੈੜ੍ਹਾਂ ਪਾ ਰਹੇ ਹਨ।