ਖ਼ਾਦ ਦੀਆਂ ਵਧੀਆਂ ਕੀਮਤਾਂ ‘ਤੇ ਕੇਂਦਰ-ਸਰਕਾਰ ਖ਼ਿਲਾਫ਼ ਵਰ੍ਹੇ ਕਿਸਾਨ ਆਗੂ
ਕਿਸਾਨੀ ਨੂੰ ਬਰਬਾਦ ਕਰਨ ‘ਤੇ ਤੁਲੀ ਕੇਂਦਰ-ਸਰਕਾਰ : ਬੀਕੇਯੂ(ਡਕੌਂਦਾ)
ਚੰਡੀਗੜ੍ਹ :- ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਡੀਏਪੀ ਖਾਦ ਦੀਆਂ ਕੀਮਤਾਂ ‘ਚ ਵਾਧਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕਿਆ ਹੈ। ਕਿਸਾਨ ਪਹਿਲਾਂ ਕਣਕ ਦੇ ਘਟੇ ਝਾੜ ਕਰਕੇ ਵਿੱਤੀ ਨੁਕਸਾਨ ‘ਚ ਸਨ। ਹੁਣ ਡੀਏਪੀ ਅਤੇ ਪੋਟਾਸ਼ ਖਾਦ ਅਤੇ ਨਰਮੇ ਦੇ ਬੀਜ਼ ਦੇ ਵਧੇ ਭਾਅ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਖਾਦਾਂ ਅਤੇ ਬੀਜ਼ ਸਸਤੇ ਭਾਅ ‘ਤੇ ਮੁਹੱਈਆ ਕਰਵਾਉਂਦੀ, ਪਰ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਵੇਂ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਵਾਪਿਸ ਲੈ ਲਏ ਹਨ, ਪਰ ਸਰਕਾਰ ਦੇ ਮਨਸੂਬੇ ਹਾਲੇ ਵੀ ਉਹੀ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ‘ਚ ਫੈਸਲੇ ਲਏ ਜਾ ਰਹੇ ਹਨ।