ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਕਰਵਾਏਗਾ ਨਵਜੋਤ ਸਿੱਧੂ ‘ਤੇ ਉਹਨਾਂ ਦੀ ਭੈਣ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ
ਲੁਧਿਆਣਾ ਦੇ ਡੀਸੀਪੀ ਨੂੰ ਦਿੱਤੇ ਜਾਂਚ ਦੇ ਹੁਕਮ
ਚੰਡੀਗੜ੍ਹ, 4 ਮਾਰਚ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ ਹਨ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸਿੱਧੂ ਦੀ ਐਨਆਰਆਈ ਭੈਣ ਸੁਮਨ ਤੂਰ ਦੇ ਦੋਸ਼ਾਂ ਦਾ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਲੁਧਿਆਣਾ ਦੇ ਡੀਸੀਪੀ ਨੂੰ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ 15 ਦਿਨਾਂ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ‘ਤੇ ਅਮਰੀਕਾ ਰਹਿੰਦੀ ਉਨ੍ਹਾਂ ਦੀ ਵੱਡੀ ਭੈਣ ਸੁਮਨ ਤੂਰ ਨੇ ਗੰਭੀਰ ਦੋਸ਼ ਲਗਾਏ ਸਨ। ਸੁਮਨ ਤੂਰ ਨੇ ਕਿਹਾ ਸੀ ਕਿ 1986 ‘ਚ ਪਿਤਾ ਭਗਵੰਤ ਸਿੰਘ ਦੀ ਮੌਤ ਤੋਂ ਬਾਅਦ ਨਵਜੋਤ ਸਿੱਧੂ ਨੇ ਉਨ੍ਹਾਂ ਦੀ ਮਾਂ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਅਤੇ ਮਾਂ ਦੀ ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਹਾਲਤ ‘ਚ ਮੌਤ ਹੋ ਗਈ, ਜਦਕਿ ਉਹ ਲਾਵਾਰਿਸ ਨਹੀਂ ਸੀ। ਇਸ ਦੇ ਜਵਾਬ ‘ਚ ਸਿੱਧੂ ਨੇ ਸੁਮਨ ਤੂਰ ਦੇ ਦੋਸ਼ਾਂ ਨੂੰ ਸਿਆਸਤ ਨਾਲ ਜੋੜਦਿਆਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੀ ਮਾਂ ਨੂੰ 30 ਸਾਲ ਬਾਅਦ ਸਿਆਸਤ ਲਈ ਕਬਰ ‘ਚੋਂ ਬਾਹਰ ਲੈ ਕੇ ਆਏ ਹਨ।
ਇਸ ਦੇ ਨਾਲ ਹੀ ਸੁਮਨ ਨੇ ਸਿੱਧੂ ‘ਤੇ ਆਪਣੇ ਪਰਿਵਾਰ ਨਾਲ ਵਧੀਕੀਆਂ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਆਪਣੀ ਮਾਂ ਲਈ ਇਨਸਾਫ਼ ਦੀ ਅਪੀਲ ਕਰਦਿਆਂ ਰੋਂਦੇ ਹੋਏ ਕਿਹਾ ਕਿ ਸਿੱਧੂ ਨੇ ਜਾਇਦਾਦ ਲਈ ਸਾਡੀ ਮਾਂ ਦਾ ਕਤਲ ਕੀਤਾ ਹੈ। ਅੱਜ ਸਿੱਧੂ ਜੋ ਪੈਸਾ ਕਮਾ ਰਿਹਾ ਹੈ ਉਹ ਮੇਰੀ ਮਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਸਿੱਧੂ ਨੇ ਆਪਣੇ ਪਿਤਾ ਦੇ ਘਰ ‘ਤੇ ਕਬਜ਼ਾ ਕਰ ਲਿਆ ਅਤੇ ਇੱਕ ਇੰਟਰਵਿਊ ਦੌਰਾਨ ਸਿੱਧੂ ਨੇ ਝੂਠ ਬੋਲਿਆ ਸੀ ਕਿ ਉਸਦੇ ਮਾਤਾ-ਪਿਤਾ ਕਾਨੂੰਨੀ ਤੌਰ ‘ਤੇ ਵੱਖ ਹੋ ਗਏ ਹਨ। ਇਸ ਸਬੰਧੀ ਉਨ੍ਹਾਂ ਦੀ ਮਾਂ ਨੇ ਸਿੱਧੂ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਸੀ।