ਅੰਗਹੀਣਾਂ ਲਈ ਵੀ ਔਖੀ ਘੜੀ ਸਹਾਰਾ ਬਣੀ ਪੁਲੀਸ
ਮਾਨਸਾ, 3 ਮਈ( ਵਿਸ਼ਵ ਵਾਰਤਾ)- ਮਾਨਸਾ ਦੀ ਪੁਲੀਸ ਨੇ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਬੈਂਕ ਮੁਲਾਜ਼ਮਾਂ ਦੇ ਸਹਿਯੋਗ ਨਾਲ ਅੰਗਹੀਣਾਂ, ਵਿਧਵਾਵਾਂ,ਬਜ਼ੁਰਗਾਂ ਅਤੇ ਹੋਰਨਾਂ ਵਰਗਾਂ ਦੀ ਪੈਨਸ਼ਨ ਉਨ੍ਹਾਂ ਦੇ ਬੂਹਿਆਂ ਤੇ ਦੇਕੇ ਦੇਸ਼ ਭਰ ’ਚ ਨਿਵੇਕਲੀ ਪਿਰਤ ਪਾਈ ਹੈ।ਕਰੋਨਾਵਾਇਰਸ ਨਾਲ ਸਿੱਧੀ ਜੰਗ ਲੜ੍ਹ ਰਹੀ ਮਾਨਸਾ ਪੁਲੀਸ ਮੁਸੀਬਤਾਂ ਨਾਲ ਦੂਹਰੀ ਜੰਗ ਲੜ੍ਹ ਰਹੇ ਲੋਕਾਂ ਲਈ ਵੀ ਰੱਬ ਬਣਕੇ ਬਹੁੜ੍ਹੀ ਹੈ।ਇਹ ਪੈਨਸ਼ਨ ਧਾਰਕ ਇਸ ਗੱਲੋ ਵੀ ਖੁਸ਼ ਹਨ ਕਿ ਜਿਹੜੀ ਪੈਨਸ਼ਨ ਭਲੇ ਵੇਲੇ ਸਮੇਂ ਸਿਰ ਨਹੀਂ ਮਿਲਦੀ ਸੀ, ਹੁਣ ਘਰੇ ਬੈਠੇ-ਬਿਠਾਏ ਮਿਲਣ ਲੱਗੀ ਹੈ।
ਪਿਛਲੇਂ ਸਮੇਂ ਦੌਰਾਨ ਜੋ ਅੰਗਹੀਣ,ਵਿਧਵਾਵਾਂ,ਬੁਜ਼ਰਗ ਬੈਂਕਾਂ ਦੇ ਬੂਹਿਆਂ ਅੱਗੇ ਲੰਬੀਆਂ ਕਤਾਰਾਂ ਚ ਸਾਰਾ ਸਾਰਾ ਦਿਨ ਭੁੱਖਣ ਭਾਣੇ ਖੱਜਲ ਖੁਆਰ ਹੋਕੇ ਸਮੇਂ ਦੀ ਹਕੂਮਤ ਨੂੰ ਕੋਸ ਰਹੇ ਸਨ,ਉਹ ਹੁਣ ਘਰਾਂ ਚ ਅਰਾਮ ਨਾਲ ਬੈਠੇ ਬਠਾਏ ਮਿਲਦੀਆਂ ਪੈਨਸ਼ਨਾਂ ਤੋਂ ਬਾਅਦ ਮਾਨਸਾ ਪੁਲੀਸ ਦੀ ਜੈ ਜੈ ਕਾਰ ਕਰ ਰਹੇ ਹਨ, ਉਹ ਲੋਕੀਂ ਜੋ ਪਹਿਲਾਂ ਸਿਰਫ ਹੂੱਟਰਾਂ ਦੀ ਗੂੰਜ਼ ਚ ਪੁਲੀਸ ਵੱਲ੍ਹੋ ਸ਼ਹਿਰੀਆਂ ਨੂੰ ਕੇਕ ਖਵਾਕੇ ਹੈਪੀ ਬਰਡਡੇ ਤੇ ਕੀਤੇ ਜਾਂਦੇ ਕਾਰਜਾਂ ਤੋਂ ਔਖੇ ਸਨ,ਉਹ ਹੁਣ ਪੁਲੀਸ ਦੇ ਅਸਲ ਕਾਰਜਾਂ ਤੋਂ ਬਾਗੋਬਾਗ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਮੁਸੀਬਤ ਮੌਕੇ ਚੌਂਜ ਕਿਥੇਂ ਚੰਗੇ ਲੱਗਦੇ ਨੇ,ਸਗੋਂ ਦੋ ਡੰਗਾਂ ਦੀ ਰੋਟੀ ਲਈ ਜਿਹੜੇ ਉਪਰਾਲੇ ਹੋ ਜਾਣ,ਉਹੋ ਯਤਨ ਹੀ ਦਿਲਾਂ ਨੂੰ ਠਾਰਦੇ ਹਨ।
ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ.ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਦੇਸ਼ ਤੇ ਆਈਆਂ ਵੱਡੀਆਂ ਮਹਾਂਮਾਰੀਆਂ ਤੇ ਜਿੱਤ ਪ੍ਰਾਪਤ ਕਰਨ ਲਈ ਸਭਨਾਂ ਧਿਰਾਂ ਨੂੰ ਇਕਜੁਟ ਹੋਕੇ ਅੱਗੇ ਆਉਂਣਾ ਹੀ ਪੈਂਦਾ ਹੈ,ਫਿਰ ਹੀ ਵੱਡੀਆਂ ਜੰਗਾਂ ਫਤਹਿ ਹੁੰਦੀਆਂ ਹਨ।ਉਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਜ਼ਿਲ੍ਹੇ ਭਰ ਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਾਏ ਕਰਫਿਊ ਜਾਂ ਲਾਕਡਾਊਨ ਦੇ ਮੱਦੇਨਜ਼ਰ ਆਪਣੀਆਂ ਅਨੇਕਾਂ ਜ਼ਿੰਮੇਵਾਰੀਆਂ ਹੁੰਦੀਆਂ ਹਨ,ਪਰ ਇਸ ਸਭ ਦੇ ਬਾਵਜ਼ੂਦ ਪਬਲਿਕ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨਾ ਵੀ ਪੁਲੀਸ ਦੇ ਫਰਜ਼ਾਂ ਚ ਸ਼ਾਮਲ ਹੈ।
ਡਾ.ਭਾਰਗਵ ਦਾ ਕਹਿਣਾ ਸੀ ਕਿ ਬੈਂਕਾਂ ਅੱਗੇ ਭਾਰੀ ਗਰਮੀ ਚ ਲੰਬੀਆਂ ਕਤਾਰਾਂ ਚ ਰੁੱਲ ਰਹੇ ਵਿਧਵਾਵਾਂ,ਅੰਗਹੀਣਾਂ,ਬਜੁਰਗਾਂ ਨਾਲ,ਜਿਥੇਂ ਉਹ ਖੁਦ ਖੱਜਲ ਖੁਆਰ ਹੋ ਰਹੇ ਸਨ,ਉਥੇਂ ਆਪਸੀ ਫਾਸਲੇ ਅਤੇ ਮੂੰਹ ਤੇ ਮਾਸਕ ਨਾ ਪਹਿਨਣ ਕਾਰਨ ਇਸ ਭਿਆਨਕ ਬਿਮਾਰੀ ਦੇ ਫੈਲਣ ਦਾ ਵੀ ਹੋਰ ਡਰ ਬਣਿਆਂ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਲੇਜ਼ ਪੁਲੀਸ ਅਧਿਕਾਰੀਆਂ ਅਤੇ ਬੈਂਕ ਕਰਮਚਾਰੀਆਂ ਵੱਲੋੱ ਵੱਖ ਵੱਖ ਵਰਗਾਂ ਦੀਆਂ ਪੈਨਸ਼ਨਾਂ ਉਨ੍ਹਾਂ ਦੇ ਪਿੰਡਾਂ ਚ ਘਰ ਘਰ ਵੰਡਣ ਦੀ ਸ਼ੁਰੂਆਤ ਕੀਤੀ ਸੀ,ਜਿਸ ਤਹਿਤ ਮਾਰਚ 2020 ਦੀ ਪੈਨਸ਼ਨ ਤਕਸੀਮ ਹੋ ਚੁੱਕੀ ਹੈ,ਉਨ੍ਹਾਂ ਕਿਹਾ ਕਿ ਜੋ ਮੁਹਿੰਮ 20 ਅਪਰੈਲ ਤੋਂ ਸ਼ੁਰੂ ਕੀਤੀ ਗਈ ਸੀ,ਉਸ ਤਹਿਤ 35 ਫੀਸਦੀ ਦੇ ਕਰੀਬ 30 ਹਜ਼ਾਰ ਤੋਂ ਵੱਧ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਬਾਕੀ ਰਹਿੰਦੀ ਸੀ,ਜਿਸ ਤਹਿਤ ਉਹ ਬੈਕਾਂ ਅੱਗੇ ਖੱਜਲ ਖੁਆਰ ਹੋ ਰਹੇ ਸਨ,ਜਿਸ ਤੋ ਬਾਅਦ ਪੁਲੀਸ ਵੱਲ੍ਹੋਂ ਬੈਂਕ ਕਰਮਚਾਰੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿਮ ਪਿੰਡ ਪਿੰਡ ਚਲਾਈ ਗਈ,ਜੋ ਹੁਣ ਮੁਕੰਮਲ ਹੋ ਚੁੱਕੀ ਹੈ ਅਤੇ ਮਾਨਸਾ ਦੇ ਪੰਜ ਬਲਾਕਾਂ ਮਾਨਸਾ,ਬੁਢਲਾਡਾ,ਝੁਨੀਰ,ਸਰਦੂਲਗੜ੍ਹ,ਭੀਖੀ ਚ ਮਾਰਚ ਮਹੀਨੇ ਦੀ ਪੈਨਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਡਾ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਦਿਨਕਰ ਗੁਪਤਾ ਦੀਆਂ ਵੀ ਹਦਾਇਤਾਂ ਹਨ,ਕਿ ਕਰੋਨਾ ਵਾਇਰਸ ਦੀ ਇਸ ਔਖੀ ਘੜ੍ਹੀ ਦੌਰਾਨ ਆਮ ਪਬਲਿਕ ਦੀ ਹਰ ਪੱਖੋ ਮਦਦ ਕੀਤੀ ਜਾਵੇ,ਉਂਝ ਵੀ ਜਿਸ ਸਮੇਂ ਤੱਕ ਪੁਲੀਸ ਪ੍ਰਸ਼ਾਸਨ ਅਤੇ ਆਮ ਪਬਲਿਕ ਮਿਲਕੇ ਇਕਜੁਟ ਹੋਕੇ ਨਹੀਂ ਲੜਦੇ ਤਾਂ ਸੁਭਾਵਿਕ ਹੈ,ਹਰ ਜੰਗ ਮੁਸ਼ਕਲ ਹੈ,ਪਰ ਹੁਣ ਸਭ ਧਿਰਾਂ ਇਕਸੁਰ ਨੇ,ਇਕਜੁੱਟ ਨੇ,ਜਿਸ ਕਰਕੇ ਕਰੋਨਾ ਵਾਇਰਸ ਖਿਲਾਫ ਅਸੀ ਜੰਗ ਲਾਜ਼ਮੀ ਤੇ ਜਲਦੀ ਜਿੱਤਾਂਗੇ।