ਹਿੰਦ-ਪਾਕਿ ਰਿਸ਼ਤਿਆਂ ਬਾਰੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ ਛਪਣਾ ਦੱਖਣੀ ਏਸ਼ੀਆ ਦੇ ਅਮਨ ਲਈ ਚੰਗਾ ਯਤਨ – ਅਫ਼ਜਲ ਰਾਜ਼

108
Advertisement

ਹਿੰਦ-ਪਾਕਿ ਰਿਸ਼ਤਿਆਂ ਬਾਰੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ ਛਪਣਾ ਦੱਖਣੀ ਏਸ਼ੀਆ ਦੇ ਅਮਨ ਲਈ ਚੰਗਾ ਯਤਨ – ਅਫ਼ਜਲ ਰਾਜ਼

ਲੁਧਿਆਣਾਃ 4 ਮਈ(ਵਿਸ਼ਵ ਵਾਰਤਾ)-ਹਿੰਦ-ਪਾਕਿ ਰਿਸ਼ਤਿਆਂ ਬਾਰੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ ਛਪਣਾ ਦੱਖਣੀ ਏਸ਼ੀਆ ਦੇ ਅਮਨ ਲਈ ਚੰਗਾ ਯਤਨ ਹੈ ਅਤੇ ਦੋਹਾਂ ਮੁਲਕਾਂ ਦਾ ਸਾਹਿੱਤ ਲਿਪੀਅੰਤਰ ਹੋ ਕੇ ਦੇਹੀਂ ਪਾਸੀਂ ਛਪਣਾ ਚਾਹੀਦਾ ਹੈ। ਵਰਲਡ ਪੰਜਾਬੀ ਫੋਰਮ ਦੇ ਮੁਖੀ ਅਫ਼ਜ਼ਲ ਰਾਜ਼ ਨੇ ਇਹ ਸ਼ਬਦ ਗੁਜਰਾਤ(ਪਾਕਿਸਤਾਨ) ਵਿੱਚ ਇਹ ਕਿਤਾਬ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਃ ਦਲਬੀਰ ਸਿੰਘ ਕਥੂਰੀਆ ਪਾਸੋਂ ਪਾਕਿਸਤਾਨ ਦੇ ਪੰਜਾਬੀ ਲੇਖਕਾਂ ਲਈ ਕੁਝ ਕਾਪੀਆਂ ਹਾਸਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਵਿਸ਼ਵ ਪੰਜਾਬੀ ਸਭਾ ਟੋਰੰਟੋ (ਕੈਨੇਡਾ) ਦੇ ਸਹਿਯੋਗ ਨਾਲ ਛਾਪ ਕੇ ਪਾਕਿਸਤਾਨੀ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੀ ਭੇਜਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਃ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਇਸ ਨੂੰ ਭਾਰਤ ਵਿੱਚ ਵੀ ਸ਼ਾਹਮੁਖੀ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦਾ ਲਿਪੀਅੰਤਰ ਸ਼ੇਖੂਪੁਰਾ ਵੱਸਦੇ ਲੇਖਕ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ। ਇਸ ਨੂੰ ਪਾਕਿਸਤਾਨ ਵਿੱਚ ਛਾਪਣ ਤੇ ਜਿੰਨਾ ਖ਼ਰਚਾ ਹੋਵੇਗਾ ਉਸ ਨੂੰ ਅਸੀਂ ਆਪਣੀ ਸੰਸਥਾ ਵੱਲੋਂ ਅਦਾ ਕਰਾਂਗੇ। ਵਿਸ਼ਵ ਅਮਨ ਦੀ ਮਜਬੂਤੀ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ ਤੇ ਸੂਫ਼ੀ ਮਹਾਂਪੁਰਖਾਂ ਸ਼ਾਹ ਹੁਸੈਨ, ਬਾਬਾ ਬੁੱਲ੍ਹੇ ਸ਼ਾਹ ਜੀ ਦੀ ਧਰਤੀ ਤੇ ਆਪਾਂ ਜੁੜ ਬੈਠੇ ਹਾਂ।
ਆਲਮੀ ਪੰਜਾਬੀ ਸਭਾ ਵੱਲੋਂ ਜੁੜ ਬੈਠਣ ਦਾ ਮਕਸਦ ਸਾਰੇ ਪੰਜਾਬੀਆਂ ਨੂੰ ਆਲਮੀ ਅਮਨ, ਆਰਟ, ਸਾਹਿੱਤ ਤੇ ਸੰਗੀਤ ਦੇ ਸਾਂਝੇ ਵਿਰਸੇ ਨਾਲ ਜੋੜਨਾ ਤੇ ਇਸ ਤੇ ਮਾਣ ਕਰਨ ਦਾ ਮਾਹੌਲ ਬਣਾਉਣਾ ਹੈ।
ਸਾਡੀ ਸਭ ਦੀ ਸਾਂਝੀ ਸੰਸਥਾ ਆਲਮੀ ਪੰਜਾਬੀ ਸਭਾ ਦੇ ਪਾਕਿਸਤਾਨ ਵਿੱਚ ਸਦਰ ਜਨਾਬ ਅਫ਼ਜ਼ਲ ਰਾਜ ਜੀ ਵਧਾਈ ਦੇ ਹੱਕਦਾਰ ਹਨ ਜਿੰਨ੍ਹਾਂ ਨੇ ਗੁਜਰਾਤ ਦੀ ਜ਼ਮੀਨ ਤੇ ਏਨੇ ਚੰਗੇ ਦੋਸਤਾਂ ਦੇ ਰੂ ਬ ਰੂ ਮੈਨੂੰ ਕਰਵਾਇਆ ਹੈ।ਗੁਜਰਾਤ ਉਹ ਧਰਤੀ ਹੈ ਜਿਸਨੇ ਸੰਗੀਤ ਨੂੰ ਆਲਮ ਲੋਹਾਰ, ਸ਼ੌਕਤ ਅਲੀ, ਇਨਾਇਤ ਅਲੀ, ਆਰਿਫ਼ ਲੋਹਾਰ ਵਰਗੇ ਗਵੱਈਏ, ਪੀਰ ਫ਼ਜ਼ਲ ਗੁਜਰਾਤੀ, ਪ੍ਰੋਃ ਸ਼ਰੀਫ਼ ਕੁੰਜਾਹੀ ਤੇ ਫ਼ਖ਼ਰ ਜ਼ਮਾਂ ਵਰਗੇ ਲਿਖਾਰੀ ਦਿੱਤੇ ਹਨ। ਮਹੀਂਵਾਲ ਦੀ ਸੋਹਣੀ ਦਾ ਦੇਸ ਗੁਜਰਾਤ ਹੋਣ ਕਰਕੇ ਮੈਨੂੰ ਇਥੇ ਆਉਣਾ ਹੋਰ ਵੀ ਚੰਗਾ ਲੱਗਿਆ ਹੈ।ਉਨ੍ਹਾਂ ਕਿਹਾ ਕਿ ਅਸੀਂ ਪੂਰੇ ਗਲੋਬ ਤੇ ਵੱਸਦੇ ਪੰਜਾਬੀਆਂ ਲਈ ਪੁਲ ਬਣਨਾ ਹੈ। ਸਾਹਿੱਤ ਕਲਾ ਤੇ ਸੰਗੀਤ ਦਾ ਆਦਾਨ ਪ੍ਰਦਾਨ ਇਹ ਪੁਲ ਉਸਾਰੇਗਾ। ਲਿਪੀਆਂ ਦੇ ਫ਼ਰਕ ਕਾਰਨ ਬਹੁਤ ਮੁੱਲਵਾਨ ਗਿਆਨ ਸਰਹੱਦਾਂ ਦਾ ਗੁਲਾਮ ਬਣ ਗਿਆ ਹੈ।
ਵਿਸ਼ਵ ਪੰਜਾਬੀ ਸਭਾ ਵੱਲੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉਸ ਪਾਸੇ ਲਿਖਿਆ ਜਾ ਰਿਹਾ ਕਲਾਮ ਏਧਰ ਛਪੇ ਤੇ ਏਧਰਲਾ ਓਧਰ। ਇੰਜ ਕਰਨ ਨਾਲ ਅਸੀਂ ਪੁਲ ਬਣ ਸਕਦੇ ਹਾਂ।ਉਨ੍ਹਾਂ ਗੁਰਭਜਨ ਗਿੱਲ ਦੀ ਏਸੇ ਕਿਤਾਬ ਵਿੱਚੋਂ ਹੀ ਇੱਕ ਕਵਿਤਾ ਪੜ੍ਹ ਕੇ ਸੁਣਾਈ। ਜਿਸ ਵਿੱਚ ਕਿਹਾ ਗਿਆ ਹੈ ਕਿ ਜਦ ਤੱਕ ਸਾਡੇ ਅਤੇ ਤੁਹਾਡੇ, ਘਰ ਦੇ ਅੰਦਰ ਭੁੱਖ ਤੇ ਨੰਗ ਹੈ। ਦਿਲ ਤੇ ਹੱਥ ਧਰ ਕੇ ਫਿਰ ਦੱਸਿਓ, ਸਾਡੀ ਤੁਹਾਡੀ ਕਾਹਦੀ ਜੰਗ ਹੈ। ਉਨ੍ਹਾਂ ਇਹ ਕਹਿ ਕੇ ਗੱਲ ਮਕਾਈ ਕਿ ਆਉ ਆਲਮੀ ਅਮਨ ਚੈਨ ਦਾ ਨਾਅਰਾ ਬੁਲੰਦ ਕਰੀਏ ਕਿਉਂਕਿ ਅਮਨ ਚੈਨ ਨਾਲ ਹੀ ਅਸੀਂ ਸ਼ਬਦ, ਸੁਰ ਸੰਗੀਤ ਤੇ ਚਿਤਰਕਲਾ ਦੇ ਰੰਗਾਂ ਨੂੰ ਸਲਾਮਤ ਰੱਖ ਸਕਾਂਗੇ।

Advertisement