ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡੀਅਨ ਪੁਲਿਸ ਦੀ ਵੱਡੀ ਕਾਰਵਾਈ
ਤਿੰਨ ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ, ਨਿੱਝਰ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ
ਚੰਡੀਗੜ੍ਹ, 4 ਮਈ (ਵਿਸ਼ਵ ਵਾਰਤਾ) ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡੀਅਨ ਪੁਲਿਸ ਨੇ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਇੱਕ ਕਥਿਤ ਹਿੱਟ ਸਕੁਐਡ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਨਿੱਝਰ ਦੇ ਕਤਲ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਮੁਲਜ਼ਮ ਕੈਨੇਡਾ ਵਿੱਚ ਹੀ ਕੀਤੇ ਤਿੰਨ ਕਤਲਾਂ ਨਾਲ ਵੀ ਸਬੰਧਤ ਹਨ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਵਜੋਂ ਹੋਈ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਨਾਗਰਿਕ ਦੱਸੇ ਜਾਂਦੇ ਹਨ। ਇਹ ਸਾਰੇ ਆਰਜ਼ੀ ਅਤੇ ਵਿਦਿਆਰਥੀ ਵੀਜ਼ੇ ‘ਤੇ ਸਾਲ 2021 ‘ਚ ਕੈਨੇਡਾ ਆਏ ਸਨ ਪਰ ਇਨ੍ਹਾਂ ‘ਚੋਂ ਕਿਸੇ ਨੇ ਵੀ ਪੜ੍ਹਾਈ ਲਈ ਉੱਥੇ ਦਾਖਲਾ ਨਹੀਂ ਲਿਆ ਸੀ। ਇੰਨਾ ਹੀ ਨਹੀਂ ਸਾਰੇ ਮੁਲਜ਼ਮ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਹਨ। ਫੜੇ ਗਏ ਮੁਲਜ਼ਮਾਂ ਦੇ ਹਰਿਆਣਾ ਅਤੇ ਪੰਜਾਬ ਦੇ ਅਪਰਾਧਿਕ ਸਿੰਡੀਕੇਟ ਨਾਲ ਸਬੰਧ ਦੱਸੇ ਜਾਂਦੇ ਹਨ, ਜਿਨ੍ਹਾਂ ਦਾ ਸਬੰਧ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੱਸਿਆ ਜਾਂਦਾ ਹੈ।
ਭਾਰਤ ਨੇ ਨਿੱਝਰ ਦੀ ਹੱਤਿਆ ‘ਤੇ ਪ੍ਰਧਾਨ ਮੰਤਰੀ ਟਰੂਡੋ ਦੀਆਂ ਤਾਜ਼ਾ ਟਿੱਪਣੀਆਂ ਨੂੰ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਟਿੱਪਣੀਆਂ ਕੈਨੇਡਾ ਵਿੱਚ ਵੱਖਵਾਦ, ਕੱਟੜਵਾਦ ਅਤੇ ਹਿੰਸਾ ਨੂੰ ਦਿੱਤੀ ਗਈ ਸਿਆਸੀ ਥਾਂ ਨੂੰ ਦਰਸਾਉਂਦੀਆਂ ਹਨ। ਟਰੂਡੋ ਨੇ ਐਤਵਾਰ ਨੂੰ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ, ਜਿਸ ਵਿੱਚ ਕੁਝ ਖਾਲਿਸਤਾਨ ਸਮਰਥਕਾਂ ਨੇ ਵੀ ਸ਼ਿਰਕਤ ਕੀਤੀ।
ਪੁਲਿਸ ਦਾ ਮੰਨਣਾ ਹੈ ਕਿ ਸਰੀ ਵਿੱਚ ਨਿੱਝਰ ਦੇ ਕਤਲ ਦੌਰਾਨ ਮੁਲਜ਼ਮਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ। ਇਨ੍ਹਾਂ ਵਿੱਚ ਨਿੱਝਰ ਨੂੰ ਗੋਲੀ ਮਾਰਨਾ, ਘਟਨਾ ਸਮੇਂ ਗੱਡੀ ਚਲਾਉਣਾ ਅਤੇ ਨਿੱਝਰ ਦੀ ਮੌਜੂਦਗੀ ਬਾਰੇ ਜਾਣਕਾਰੀ ਦੇਣਾ ਸ਼ਾਮਲ ਹੈ।
45 ਸਾਲਾ ਕੈਨੇਡੀਅਨ ਨਾਗਰਿਕ ਹਰਦੀਪ ਨਿੱਝਰ ਦਾ 18 ਜੂਨ, 2023 ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸ ਘਟਨਾ ਤੋਂ ਬਾਅਦ ਅਗਸਤ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ।