ਹਨੀਪ੍ਰੀਤ ਦੇ ਮਾਮਲੇ ‘ਤੇ ਪੰਜਾਬ ਪੁਲਿਸ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੱਟਰ ਦੀ ਆਲੋਚਨਾ

547
Advertisement


ਚੰਡੀਗੜ੍ਹ, 5 ਅਕਤੂਬਰ (ਵਿਸ਼ਵ ਵਾਰਤਾ) : ਹਨੀਪ੍ਰੀਤ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਸਵਾਲ ਉਠਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਆਪਣੇ ਹਮਰੁਤਬਾ ਮਨੋਹਰ ਲਾਲ ਖੱਟਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਹਨੀਪ੍ਰੀਤ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੀ ਸਾਜ਼ਿਸ਼ ਸਬੰਧੀ ਆਪਣੇ ਬਿਆਨ ਵਿਚ ਲਾਏ ਦੋਸ਼ਾਂ ‘ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਮਾਮਲੇ ਉੱਤੇ ਆਪਣੀ ਸਰਕਾਰ ਦੀ ਅਸਫਲਤਾ ਉੱਤੇ ਪਰਦਾ ਪਾਉਣ ਲਈ ਖਟੱਰ ਨੂੰ ਇਸ ਤਰ੍ਹਾਂ ਦੀਆਂ ਮਨਘੜਤ ਗੱਲਾਂ ਤੋਂ ਦੂਰ ਰਹਿਣ ਲਈ ਆਖਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ‘ਤੇ ਪੰਚਕੂਲਾ ਹਿੰਸਾ ਦਾ ਦੋਸ਼ ਮੜ੍ਹਣ ‘ਚ ਅਸਫਲ ਰਹਿਣ ਤੋਂ ਬਾਅਦ ਹੁਣ ਖੱਟੜ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਬਲਾਤਕਾਰ ਕੇਸ ਵਿਚ ਦੋਸ਼ੀ ਪਾਏ ਜਾਣ ਉੱਤੇ ਪਹਿਲੇ ਦਿਨ ਤੋਂ ਹੀ ਹਰਿਆਣਾ ਵਿਚ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਭੰਗ ਹੋ ਜਾਣ ਦੇ ਅਸਲ ਮੁੱਦੇ ਉੱਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਖੱਟਰ ਹੁਣ ਕੋਸ਼ਿਸ਼ਾਂ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਜਾਂ ਇਸ ਦੀ ਕਿਸੇ ਵੀ ਸੰਸਥਾ ਦੇ ਹਨੀਪ੍ਰੀਤ ਦੀ ਗ੍ਰਿਫਤਾਰੀ ਸਬੰਧੀ ਪੂਰੇ ਘਨਟਾਕ੍ਰਮ ਵਿਚ ਸ਼ਾਮਲ ਹੋਣ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਪੁਲਿਸ ਕੋਲ ਹਨੀਪ੍ਰੀਤ ਬਾਰੇ ਕੋਈ ਵੀ ਸੂਚਨਾ ਹੁੰਦੀ ਤਾਂ ਉਹ ਲਾਜ਼ਮੀ ਤੌਰ ‘ਤੇ ਹਰਿਆਣਾ ਪੁਲਿਸ ਨਾਲ ਸਾਂਝੀ ਕਰਦੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਹਰਿਆਣਾ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਹਨੀਪ੍ਰੀਤ ਬਾਰੇ ਜਾਣਦੇ ਸਨ ਕਿ ਉਹ ਕਈ ਦਿਨਾਂ ਤੋਂ ਕਿੱਥੇ ਹੈ ਪਰ ਉਹ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਬਜਾਏ ਖੱਟਰ ਸਿਰਫ ਪੰਜਾਬ ‘ਤੇ ਦੋਸ਼ ਮੜ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉਸੇ ਤਰ੍ਹਾਂ ਦੀ ਹੀ ਕੋਸ਼ਿਸ਼ ਹੈ ਜੋ ਉਨ੍ਹਾਂ ਨੇ ਪੰਚਕੂਲਾ ਹਿੰਸਾ ਦੇ ਸਬੰਧ ਵਿਚ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਨੇ ਖੱਟਰ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਹਨੀਪ੍ਰੀਤ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਨੂੰ ਖੁਫੀਆ ਜਾਣਕਾਰੀ ਦੇਣ ਵਿੱਚ ਅਸਫਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਮ ਰਹੀਮ ਮਾਮਲੇ ਵਿਚ ਪੰਚਕੂਲਾ ਅਦਾਲਤ ਵਿਚ ਸੁਣਵਾਈ ਤੋਂ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਹਰਿਆਣਾ ਪੁਲਿਸ ਨੂੰ ਨਿਯਮਤ ਤੌਰ ‘ਤੇ ਸੂਚਨਾ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਅਤੇ ਸਰਕਾਰ ਇਸ ਸੂਚਨਾ ਉੱਤੇ ਢੁੱਕਵੀਂ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਪੰਜਾਬ ਪੁਲਿਸ ਹਨੀਪ੍ਰੀਤ ਦਾ ਪਿੱਛਾ ਨਹੀਂ ਕਰ ਰਹੀ ਸੀ ਕਿਉਂਕਿ ਉਹ ਸੂਬੇ ਨੂੰ ਕਿਸੇ ਵੀ ਮਾਮਲੇ ਵਿਚ ਲੋੜੀਂਦੀ ਨਹੀਂ ਸੀ, ਪਰ ਇਸ ਦੇ ਨਾਲ ਹੀ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੀ ‘ਗੋਦ ਲਈ ਧੀ’ ਨੂੰ ਬਚਾਉਣ ਦਾ ਕੋਈ ਵੀ ਸਵਾਲ ਹੀ ਨਹੀਂ ਸੀ ਉਠਦਾ। ਉਨ੍ਹਾਂ ਨੇ ਖੱਟਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਝੂਠੇ ਦੋਸ਼ ਲਾਉਣ ਵਿਚ ਆਪਣੀ ਊਰਜਾ ਅਤੇ ਸਮਾਂ ਬਰਬਾਦ ਕਰਨ ਦੀ ਥਾਂ ਇਸ ਮਾਮਲੇ ਨੂੰ ਸਿਰੇ ਤੱਕ ਲੈ ਕੇ ਜਾਣ ਅਤੇ ਹਰਿਆਣਾ ਵਿਚ ਕਾਨੂੰਨ-ਵਿਵਸਥਾ ਨੂੰ ਲਾਗੂ ਰੱਖਣ ‘ਤੇ ਧਿਆਨ ਦੇਣ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਪਹਿਲਾਂ ਵੀ ਹਨੀਪ੍ਰੀਤ ਬਾਰੇ ਕੋਈ ਵੀ ਸੂਚਨਾ ਹੋਣ ਤੋਂ ਇਨਕਾਰ ਕੀਤਾ ਸੀ।

Advertisement

LEAVE A REPLY

Please enter your comment!
Please enter your name here