ਐਸ.ਏ.ਐਸ. ਨਗਰ (ਮੁਹਾਲੀ), 19 ਸਤੰਬਰ (ਵਿਸ਼ਵ ਵਾਰਤਾ) : ਭਾਰਤੀ ਸੱਭਿਆਚਾਰਕ ਸੰਪਰਕ ਪ੍ਰੀਸ਼ਦ (ਆਈ.ਸੀ.ਸੀ.ਆਰ.), ਚੰਡੀਗੜ੍ਹ ਵੱਲੋਂ ਪ੍ਰਾਚੀਨ ਕਲਾ ਕੇਂਦਰ ਦੇ ਸਹਿਯੋਗ ਨਾਲ ਮੁਹਾਲੀ ਵਿਖੇ ਬੀਤੀ ਦੇਰ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਦਰਸ਼ਕ ਲੋਕ ਗੀਤਾਂ ਤੇ ਨਾਚਾਂ ਦੇ ਸੁਮੇਲ ਵਾਲੀਆਂ ਪੇਸ਼ਕਾਰੀਆਂ ‘ਤੇ ਖੂਬ ਝੂੰਮੇ।
ਪ੍ਰੋਗਰਾਮ ਦੀ ਸ਼ੁਰੂਆਤ ਲਖਬੀਰ ਸਿੰਘ ਲੱਖੀ ਵੱਲੋਂ ਧਾਰਮਿਕ ਗੀਤ ‘ਸ਼ੁਕਰ ਦਾਤਿਆਂ’ ਦੇ ਨਾਲ ਕੀਤੀ ਗਈ। ਇਸ ਉਪਰੰਤ ਹਰਦੀਪ ਸਿੰਘ, ਸਹਿਜਦੀਪ ਸਿੰਘ ਤੇ ਵਿਸ਼ਵਦੀਪ ਸਿੰਘ ਨੇ ਲੋਕ ਤੱਥ ਪੇਸ਼ ਕਰਦੀ ਕਵੀਸ਼ਰੀ, ਹਰਮਨ, ਹਰਦੀਪ ਤੇ ਵਿਸ਼ਵਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ, ਗੁਰਮੀਤ ਕੁਲਾਰ ਨੇ ਲੋਕ ਗੀਤ ‘ਮਿੱਟੀ ਦਾ ਬਾਵਾ’, ਗਗਨ ਗੀਤ ਨੇ ਲੋਕ ਗੀਤਾ ‘ਮਿਰਜ਼ਾ’, ਗਰਜਾ ਰਾਮ ਤੇ ਸਾਥੀਆਂ ਨੇ ਬੀਨਬਾਜਾ ਨਚਾਰ ਤੇ ਹਨੀ ਨੇ ‘ਰੱਤੀ ਦੇ ਬੋਲ’ ਲੋਕ ਗੀਤ ਨਾਲ ਪ੍ਰੋਗਰਾਮ ਵਿੱਚ ਰਵਾਇਤੀ ਸੰਗੀਤਕ ਰੰਗ ਘੋਲ ਦਿੱਤਾ। ਲੋਕ ਨਾਚ ਲੁੱਡੀ ਤੇ ਭੰਗੜਾ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਮਾਰਸ਼ਲ ਆਰਟ ਗੱਤਕਾ ਦੇ ਪੇਸ਼ਕਾਰੀ ਨੇ ਪੂਰਾ ਰੰਗ ਬੰਨ੍ਹਿਆ।
ਇਸ ਪ੍ਰੋਗਰਾਮ ਦੇ ਪ੍ਰਬੰਧਕ ਜੁਗਨੀ ਸੱਭਿਆਚਾਰਕ ਅਤੇ ਯੂਥ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਆਈ.ਸੀ.ਸੀ.ਆਰ. ਵੱਲੋਂ ਆਪਣੇ ਪ੍ਰੋਗਰਾਮ ‘ਹੌਰੀਜ਼ੋਨ ਸੀਰੀਜ਼’ ਤਹਿਤ ਹਰ ਮਹੀਨੇ ਇਸ ਖੇਤਰ ਦੇ ਕਲਾਕਾਰਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਈਆਂ ਜਾਂਦੀਆਂ ਹਨ ਜਿਸ ਦਾ ਮੁੱਖ ਮਨੋਰਥ ਉਭਰਦੇ ਹੋਏ ਕਲਾਕਾਰਾਂ ਨੂੰ ਮੰਚ ਮੁਹੱਈਆ ਕਰਵਾਉਣਾ ਅਤੇ ਪੰਜਾਬ ਦੀਆਂ ਰਵਾਇਤੀ ਕਲਾਵਾਂ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਕਰਵਾਇਆ ਪ੍ਰੋਗਰਾਮ ਵੀ ਰਵਾਇਤੀ ਪੰਜਾਬ ਦੇ ਅਮੀਰ ਵਿਰਸੇ ਦੇ ਪਸਾਰ ਅਤੇ ਪ੍ਰਚਾਰ ਵਿੱਚ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ।
Latest News: ਨੌਜਵਾਨਾਂ ਲਈ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਅਦਾਰਿਆਂ ਵਿੱਚ ਅਪਰੈਂਟਿਸਸ਼ਿਪ ਕਰਨ ਦਾ ਸੁਨਹਿਰੀ ਮੌਕਾ
Latest News: ਨੌਜਵਾਨਾਂ ਲਈ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਅਦਾਰਿਆਂ ਵਿੱਚ ਅਪਰੈਂਟਿਸਸ਼ਿਪ ਕਰਨ ਦਾ ਸੁਨਹਿਰੀ ਮੌਕਾ ਕਪੂਰਥਲਾ, 12 ਜਨਵਰੀ...