ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਅੱਜ
ਕਿਸਾਨਾਂ ਦੇ ਭਾਰਤ ਬੰਦ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਮੈਡੀਕਲ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਤੇ ਦਿਸ ਰਿਹਾ ਹੈ ਬੰਦ ਦਾ ਅਸਰ
ਹਰ ਵਰਗ ਵੱਲੋਂ ਮਿਲ ਰਹੀ ਹੈ ਕਿਸਾਨਾਂ ਨੂੰ ਹਮਾਇਤ
ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ
ਪੰਜਾਬ ਵਿੱਚ ਸੜਕਾਂ, ਬਾਜ਼ਾਰ ਤੇ ਸਾਰੇ ਅਦਾਰੇ ਸੁੰਨੇ, ਕੇਂਦਰ ਸਰਕਾਰ ਖ਼ਿਲਾਫ਼ ਥਾਂ-ਥਾਂ ਨਾਅਰੇ ਗੂੰਜੇ਼
ਸ਼ਾਮ 6 ਵਜੇ ਤੱਕ ਦਿੱਤਾ ਹੋਇਆ ਹੈ ਬੰਦ ਦਾ ਸੱਦਾ
ਮਾਨਸਾ ਵਿਖੇ ਬੰਦ ਦੌਰਾਨ ਵਕੀਲ ਕੰਮ ਕਾਰ ਠੱਪ ਕਰਕੇ ਅਦਾਲਤ ਦੇ ਬਾਹਰ ਰੋਸ ਵਜੋਂ ਖੜ੍ਹੇ ਹੋਏ
ਮਾਨਸਾ ਵਿਖੇ ਬੰਦ ਨੂੰ ਲੈਕੇ ਪਹਿਰਾ ਦੇ ਰਹੇ ਪੁਲੀਸ ਕਰਮਚਾਰੀ
ਭਾਰਤ ਬੰਦ ਨੂੰ ਲੈਕੇ ਮਾਨਸਾ ਦੇ ਬੱਸ ਅੱਡੇ ਵਿਚ ਖੜ੍ਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ
ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ਵਿਚ ਸਵੇਰ ਤੋਂ ਹੀ ਫੁੱਲ ਹੁੰਗਾਰਾ ਮਿਲਿਆ ਹੋਇਆ ਹੈ। ਸਾਰੇ ਪਾਸੇ ਸੜਕੀ ਆਵਾਜਾਈ ਸਮੇਤ ਰੇਲ ਸੇਵਾਵਾਂ ਬੰਦ ਹੋਈਆਂ ਪਈਆਂ ਹਨ, ਬਜਾਰਾਂ ਵਿੱਚ ਚੁੱਪ ਪਸਰੀ ਪਈ ਹੈ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਥਾਂ – ਥਾਂ ਨਾਅਰੇਬਾਜੀ ਹੋ ਰਹੀ ਹੈ ਅਤੇ ਜਨਤਕ ਜਥੇਬੰਦੀਆਂ ਵੱਲੋਂ ਹਕੂਮਤ ਖਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੈ।
ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਬੇਸ਼ੱਕ ਕਮਰਸੀਅਲ ਬੈਂਕਾਂ ਵਲੋਂ ਇਸ ਹੜਤਾਲ ਵਿੱਚ ਹਮਾਇਤ ਨਹੀਂ ਕੀਤੀ ਗਈ ਹੈ, ਪਰ ਕਿਸਾਨ ਮਜਦੂਰ ਵਿਦਿਆਰਥੀ ਅਤੇ ਵਪਾਰਕ ਮੰਡਲਾਂ ਸਮੇਤ ਹੋਰਨਾਂ ਧਿਰਾਂ ਵਲੋਂ ਸ਼ਹਿਰਾਂ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਬੈਂਕਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਮਾਨਸਾ ਵਿਖੇ ਸੀਪੀਆਈ ( ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਬੈਂਕਾਂ ਨੂੰ ਬੰਦ ਕਰਵਾਇਆ ਗਿਆ ਹੈ।
ਇਸੇ ਦੌਰਾਨ ਹੀ ਕਿਸਾਨ ਜਥੇਬੰਦੀਆਂ ਵਲੋਂ ਥਾਂ ਥਾਂ ਮੁੱਖ ਮਾਰਗਾਂ ਉੱਤੇ ਧਰਨੇ ਦੇਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ।ਬੱਸ ਅਪਰੇਟਰਾਂ ਵੱਲੋਂ ਸਰਕਾਰੀ ਬੱਸਾਂ ਵਾਲਿਆਂ ਨੂੰ ਨਾਲ ਲੈਕੇ ਹਰ ਬੱਸ ਸਟੈਂਡ ਵਿਚ ਕੇਂਦਰ ਸਰਕਾਰ ਦੇ ਵਿਰੁੱਧ ਸੱਥਰ ਵਿਛਾਇਆ ਹੋਇਆ ਹੈ। ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਅਤੇ ਮਾਨਸਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਆਗੂ ਗੋਰਾ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ।
ਜ਼ਿਲ੍ਹਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੂਰੇ ਪੰਜਾਬ ਵਿਚੋਂ ਰਿਪੋਰਟਾਂ ਆਈਆਂ ਹਨ ਕਿ ਸਾਰੇ ਪਾਸੇ ਆੜਤੀਆਂ ਸਮੇਤ ਸਮੁੱਚੇ ਵਪਾਰਕ ਅਦਾਰਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਆਪੋ-ਆਪਣੇ ਅਦਾਰੇ ਬੰਦ ਕੀਤੇ ਗਏ ਹਨ।
ਇਸੇ ਦੌਰਾਨ ਹੀ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਵਿਜੇ ਕੁਮਾਰ ਸਿੰਗਲਾ ਅਤੇ ਆਗੂ ਐਡਵੋਕੇਟ ਗੁਰਲਾਭ ਸਿੰਘ ਨੇ ਦੱਸਿਆ ਕਿ ਵਕੀਲਾਂ ਵੱਲੋਂ ਕੰਮਕਾਜ ਬੰਦ ਕੀਤਾ ਗਿਆ ਹੈ, ਜਿਸ ਕਾਰਨ ਅਦਾਲਤਾਂ ਦਾ ਕਾਰਜ ਵੀ ਠੱਪ ਹੋਇਆ ਪਿਆ ਹੈ।
ਦੂਜੇ ਪਾਸੇ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਆਮ ਲੋਕ ਘਰਾਂ ਚੋਂ ਬਾਹਰ ਵੀ ਘੱਟ ਹੀ ਨਜ਼ਰ ਆਏ ਹਨ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਵਾਲੇ ਹੀ ਪੂਰੀ ਟੌਹਰ ਤੇ ਹੌਸਲੇ ਨਾਲ ਬਜ਼ਾਰਾਂ ਵਿਚ ਨਿਕਲੇ ਹਨ । ਧਾਰਮਿਕ ਸਥਾਨਾਂ ਉੱਪਰ ਵੀ ਸ਼ਰਧਾਲੂਆਂ ਦੀ ਗਿਣਤੀ ਆਮ ਨਾਲੋਂ ਬਹੁਤ ਵਿਖਾਈ ਦਿੰਦੀ ਹੈ।