ਸੰਤ ਲੌਂਗੋਵਾਲ ਦੇ ਸ਼ਹੀਦੀ ਦਿਵਸ ਦਾ ਸਿਆਸੀਕਰਨ ਕੀਤੇ ਜਾਣ ਦੀ ਕੈਪਟਨ ਵੱਲੋਂ ਆਲੋਚਨਾ

325
Advertisement


ਚੰਡੀਗਡ਼, 19 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਹਰਚੰਦ ਲੌਂਗੋਵਾਲ ਦੇ ਸ਼ਹੀਦੀ ਦਿਵਸ ਨੂੰ ਸਿਆਸੀ ਰੰਗਤ ਦੇਣ ਵਾਲੀਆਂ ਸੌਡ਼ੇ ਹਿੱਤਾਂ ਵਾਲੀਆਂ ਸ਼ਕਤੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਸੰਤ ਲੌਂਗੋਵਾਲ ਦਾ ਸ਼ਹੀਦੀ ਦਿਵਸ ਉਨਾਂ ਦੇ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਦੇ ਯੋਗਦਾਨ ਦੇ ਮੱਦੇਨਜ਼ਰ ਮਨਾਇਆ ਹੈ।

ਸ਼ਨੀਵਾਰ ਨੂੰ ਜਾਰੀ ਇੱਕ ਤਿੱਖੇ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਡ਼ਾਵਾ ਦੇਣ ਲਈ ਆਪਣਾ ਬਲਿਦਾਨ ਦਿੱਤਾ ਹੈ ਅਤੇ ਜਿਹਡ਼ੀਆਂ ਸ਼ਕਤੀਆਂ ਉਨਾਂ ਦੇ ਸ਼ਹੀਦੀ ਦਿਵਸ ਸਬੰਧੀ ਪ੍ਰੋਗਰਾਮ ਦਾ ਵਿਰੋਧ ਕਰ ਰਹੀਆਂ ਹਨ ਉਹ ਸਪਸ਼ਟ ਤੌਰ ’ਤੇ ਸੰਤ ਲੌਂਗੋਵਾਲ ਦੀ ਪੰਜਾਬ ਨੂੰ ਸ਼ਾਂਤੀ ਅਤੇ ਪ੍ਰਗਤੀ ਦੇ ਰਾਹ ਉੱਤੇ ਵਾਪਸ ਲਿਆਉਣ ਵਿਚ ਨਿਭਾਈ ਗਈ ਭੂਮਿਕਾ ਨੂੰ ਅਣਗੌਲਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਿਹਡ਼ੀਆਂ ਸ਼ਕਤੀਆਂ ਸੂਬੇ ਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ ਉਹ ਸੰਤ ਲੌਂਗੋਵਾਲ ਦੀ ਕੁਰਬਾਨੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ 1985 ਵਿਚ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਨਾਲ ਸੰਤ ਲੌਂਗੋਵਾਲ ਵੱਲੋਂ ਕੀਤੇ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਸਿਆਸੀ ਰੰਗਤ ਦੇ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਲਈ ਲੌਂਗੋਵਾਲ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਸਾਬਕਾ ਅਕਾਲੀ ਪ੍ਰਧਾਨ ਦਾ ਸ਼ਹੀਦੀ ਦਿਵਸ ਹਰ ਸਾਲ ਮਨਾਉਂਦੀ ਹੈ ਭਾਵੇਂ ਉਹ ਸੱਤਾ ਵਿਚ ਹੋਵੇ ਜਾਂ ਨਾ ਹੋਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਪੰਜਾਬ ਵਿਚ ਸੱਤਾ ’ਚ ਹੈ ਅਤੇ ਇਹ ਸਮਾਰੋਹ ਸੰਤ ਲੌਂਗੋਵਾਲ ਦੀ ਸ਼ਹਾਦਤ ਨਾਲ ਸਬੰਧਤ ਹੈ ਜਿਨਾਂ ਦੀ ਸ਼ਾਂਤੀ ਸਮਝੌਤਾ ਹੋਣ ਤੋਂ ਛੇਤੀ ਬਾਅਦ ਹੱਤਿਆ ਕਰ ਦਿੱਤੀ ਸੀ। ਕਾਂਗਰਸ ਸਰਕਾਰ ਵੱਲੋਂ ਇਹ ਸਮਾਰੋਹ ਸਰਕਾਰੀ ਤੌਰ ’ਤੇ ਆਯੋਜਿਤ ਕਰਵਾਇਆ ਜਾ ਰਿਹਾ ਹੈ ਜਦਕਿ ਕੁਝ ਤੱਤ ਇਸ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਸੰਤ ਲੌਂਗੋਵਾਲ ਨਾਲ ਨਿੱਜੀ ਤੌਰ ’ਤੇ ਸਬੰਧ ਹੋਣ ਕਰਕੇ ਇਹ ਸ਼ਹੀਦੀ ਦਿਵਸ ਮਨਾਏ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪੰਜਾਬ ਸ਼ਾਂਤੀ ਸਮਝੌਤੇ ਦੇ ਹੱਕ ਵਿਚ ਹੈ ਅਤੇ ਪਾਰਟੀ ਨੇ ਹਮੇਸ਼ਾ ਹੀ ਸ਼ਾਂਤੀ ਸਮਝੌਤੇ ਦਾ ਸਮਰਥਨ ਕੀਤਾ ਹੈ ਜਿਸ ਉੱਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਹਸਤਾਖਰ ਕੀਤੇ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਤ ਲੌਂਗੋਵਾਲ ਦਾ ਸ਼ਹੀਦੀ ਦਿਵਸ ਮਨਾਉਣਾ ਉਨਾਂ ਵੱਲੋਂ ਸ਼ਾਂਤੀ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਕਾਂਗਰਸ ਵੱਲੋਂ ਉਨਾਂ ਪ੍ਰਤੀ ਇੱਕ ਛੋਟਾ ਜਿਹਾ ਸਤਿਕਾਰ ਹੈ ਜਿਸ ਦੇ ਵਾਸਤੇ ਸੰਤ ਲੌਂਗੋਵਾਲ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਸੀ। ਉਨਾਂ ਕਿਹਾ ਕਿ ਕਾਂਗਰਸ ਸਿਰਫ ਇਸੇ ਕਰਕੇ ਹੀ ਉਨਾਂ ਦੇ ਯੋਗਦਾਨ ਨੂੰ ਨਾਕਾਰਨ ਵਿਚ ਵਿਸ਼ਵਾਸ਼ ਨਹੀਂ ਰੱਖਦੀ ਕਿਉਂਕਿ ਉਹ ਵਿਰੋਧੀ ਸਿਆਸੀ ਪਾਰਟੀ ਨਾਲ ਸਬੰਧਤ ਸਨ।

Advertisement

LEAVE A REPLY

Please enter your comment!
Please enter your name here