- ਸ਼ਤਾਬਦੀ ਵਰ੍ਹਾ
(2 ਦਸੰਬਰ 2019 ਤੋ 2 ਦਸੰਬਰ 2020)
ਭਾਪਾ ਜੀ ਉੱਘੇ ਸਾਹਿਤਕਾਰ ਸਨ। ਕਹਿੰਦੇ ਹਨ ਕਿ ਜੇ ਕੋਈ ਆਦਮੀ ਮਹਾਨ ਬਣਦਾ ਹੈ ਤਾਂ ਉਸ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਭਾਪਾ ਜੀ ਨੂੰ ਸਾਹਿਤਕਾਰ ਬਣਾਉਣ ਲਈ ਬੀਬੀ ਜੀ ਨੇ ਜੋ ਘਾਲਣਾ ਘਾਲੀ ਉਸ ਨੂੰ ਮੈ ਬਾਰੀਕੀ ਨਾਲ ਨੇੜਿਓਂ ਤੱਕਿਆ ਹੈ ।ਬੀਬੀ ਜੀ ਸਾਦੀ ਤੇ ਸਚਿਆਰੀ ਔਰਤ ਸੀ। ਆਰਥਿਕ ਤੰਗੀ ਦੇ ਬਾਵਜੂਦ ਭਾਪਾ ਜੀ ਨੂੰ ਕਦੇ ਵੀ ਕੋਈ ਉਲਾਭਾ ਨਹੀਂ ਦਿੱਤਾ। ਸਗੋ ਹਰ ਵੇਲੇ ਹੌਂਸਲਾ ਦਿੰਦੇ ਰਹਿੰਦੇ ਸਨ ਕੇ ਸਦਾ ਦਿਨ ਇਕੋ ਜਿਹੇ ਨਹੀਂ ਹੁੰਦੇ । ਘਰੇਲੂ ਅਤੇ ਸਾਹਿਤਕ ਜੀਵਨ ਵਿੱਚ ਬੀਬੀ ਜੀ ਦਾ ਥੰਮ੍ਹ ਜਿਨ੍ਹਾਂ ਸਹਾਰਾ ਸੀ। ਉਹਨਾਂ ਨੇ ਸਾਰੀਆ ਔਕੜਾਂ ਤੇ ਦੁੱਖਾਂ ਦਾ ਹੱਸਕੇ ਸਾਹਮਣਾ ਕੀਤਾ ਸੀ। 1940 ਵਿੱਚ ਭਾਪਾ ਜੀ ਦਾ ਸਾਹਤਿਕ ਜੀਵਨ ਸ਼ੁਰੂ ਹੋਇਆ। ‘ਗੁਲਾਬੀ ਕਾਗਜ਼ ਉੱਤੇ ਲਿੱਖੀ ਕਵਿਤਾ ‘ ਪਹਿਲੀ ਰਚਨਾ ਸੀ। ਜੋ ਉਹਨਾਂ ਨੇ ਪਹਿਲੀ ਚਿੱਠੀ ਦੇ ਰੂਪ ਵਿੱਚ ਬੀਬੀ ਜੀ ਨੂੰ ਹੀ ਲਿੱਖੀ ਸੀ। ਉਹ ਕਹਾਣੀ ਲਿੱਖਦੇ ਚਾਹੇ ਕਵਿਤਾ ਸੱਭ ਤੋਂ ਪਹਿਲਾਂ ਬੀਬੀ ਜੀ ਨੂੰ ਹੀ ਅਵਾਜ ਮਾਰਕੇ ਪੜ੍ਹਾਉਂਦੇ ਸਨ । ਜਦੋਂ ਉਹ ਕਹਿੰਦੇ ਕਿ ਬਿਲਕੁੱਲ ਸਹੀ ਹੈ ਉਸ ਤੋਂ ਬਾਅਦ ਹੀ ਕਿਸੇ ਹੋਰ ਨੂੰ ਪੜ੍ਹਾਈ ਜਾਂਦੀ ।ਭਾਵੇ ਜਿਆਦਾ ਪੜ੍ਹੇ ਲਿਖੇ ਨਹੀਂ ਸਨ ਪਰ ਰਾਇ ਉਹਨਾਂ ਦੀ ਹੀ ਸਹੀ ਹੁੰਦੀ ਸੀ। ਜਵਾਨੀ ਵਿੱਚ ਘਰ ਦੀ ਭਾਰੀ ਕਬੀਲਦਾਰੀ , ਸਾਰੇ ਪਰਿਵਾਰ ਦੀ ਸੇਵਾ ਸੰਭਾਲ ਤਨ ਦੇਹੀ ਨਾਲ ਕੀਤੀ। ਘਰ ਲਈ ਆਪਣਾ ਆਪਾ ਵਾਰ ਦਿੱਤਾ। ਅਜਿਹੇ ਜੀਵਨ ਤੋ ਪ੍ਰਭਾਵਿਤ ਹੋ ਕੇ ਭਾਪਾ ਜੀ ਨੇ’ ਘਰ ਵਿੱਚ ਗੁਆਚੀ ਪਰੀ ‘ ਕਹਾਣੀ ਲਿੱਖੀ ਜੋ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਵਿਚੋਂ ਇਕ ਹੈ।
ਸ਼ਤਾਬਦੀ ਵਰਾ ‘ ਵਿਸ਼ਵ ਪੱਧਰ’ ਉਤੇ ਮਨਾਉਣ ਲਈ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦਾ ਗਠਨ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਭੁੱਲਰ ਜੀ ਦੀ ਸਰਪ੍ਰਸਤੀ ਹੇਠ ਕੀਤਾ ਗਿਆ ਹੈ । ਮੈ ਇਸ ਤਾਲਮੇਲ ਕਮੇਟੀ ਦਾ ਸੁਆਗਤ ਕਰਦੀ ਹਾਂ।ਭਾਪਾ ਜੀ ਦੇ ਸਾਹਿਤ ਜੀਵਨ ਵਿੱਚ ਬੀਬੀ ਜੀ ਨੇ ਜੋਂ ਘਾਲਣਾ ਘਾਲੀ ਨੂੰ ਮੁੱਖ ਰੱਖਦੇ ਹੋਏ ਇਸ ਸ਼ਤਾਬਦੀ ਵਰ੍ਹੇ ਬੀਬੀ ਜੀ ਨੂੰ ਵੀ ਯਾਦ ਕਰਨਾ ਬਣਦਾ ਹੈ। ਇਸ ਵਰ੍ਹੇ ਨੂੰ ਮਨਾਉਣ ਲਈ ਵਿਸ਼ਵਵਾਰਤਾ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਨਵਤੇਜ ਕੌਰ ਮੁੱਖ ਸੰਪਾਦਕ Www.wishavwarta.in