16th December 2022 Friday 1st Poh ( Samvat
Nanakshahi 554)🙏🌷 ਸੰਗਰਾਂਦ ਦਾ ਹੁਕਮਨਾਮਾ ਜੀ 🌷🙏
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
~ ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾ ਪਨ) ਜ਼ੋਰ ਨਹੀਂ ਪਾ ਸਕਦਾ,
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ ।
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਚੁੱਭੀ ਲਾਈ ਹੈ ।
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ ।
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ ।
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ ।
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਹੇ ਨਾਨਕ ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ।
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ।੧੧।
ਵਾਹਿਗੁਰੂ ਜੀ ਸਰਬੱਤ ਨੂੰ ਨਾਮ ਸਿਮਰਨ , ਤੰਦਰੁਸਤੀ ਤੇ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ॥