ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਸ਼ੁਰੂ ਹੋਏ ਮੁਕਾਬਲੇ
ਬਠਿੰਡਾ, 06 ਜੁਲਾਈ (ਵਿਸ਼ਵ ਵਾਰਤਾ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ‘ਚ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਖਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਹਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਇਹ ਆਨਲਾਈਨ ਮੁਕਾਬਲੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਹੇਠ ਜੁਲਾਈ ਤੋਂ ਆਰੰਭ ਹੋ ਕੇ ਦਸੰਬਰ ਮਹੀਨੇ ਤੱਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ 19 ਸੰਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਸੋਲੋ ਆਈਟਮ ਦੇ ਰੂਪ ਵਿੱਚ ਕਰਵਾਏ ਜਾ ਰਹੇ ਹਨ। ਐਸ.ਸੀ.ਈ.ਆਰ.ਟੀ. ਦੀ ਦੇਖ ਰੇਖ ਵਿੱਚ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਵਸਤੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਫਲਸਫਾ, ਉਪਦੇਸ਼, ਕੁਰਬਾਨੀ ਤੇ ਉਸਤਤਿ ਹੋਵੇਗਾ। ਗੁਰ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈ ਜਾਣ ਵਾਲੀ ਇਸ ਪ੍ਰਤੀਯੋਗਤਾ ਵਿੱਚ ਸ਼ਬਦ ਗਾਇਨ, ਕਵਿਤਾ, ਭਾਸ਼ਣ, ਸੁੰਦਰ ਲਿਖਾਈ, ਗੀਤ, ਸੰਗੀਤਕ ਸਾਜ ਵਜਾਉਣ, ਪੇਂਟਿੰਗ, ਪੋਸਟਰ ਮੇਕਿੰਗ, ਸਲੋਗਣ ਲਿਖਣੇ,ਪੀ.ਪੀ.ਟੀ. ਮੇਕਿੰਗ ਅਤੇ ਦਸਤਾਰਬੰਦੀ ਮੁਕਾਬਲੇ ਸ਼ਾਮਿਲ ਹਨ। ਇਹ ਮੁਕਾਬਲੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ‘ਤੇ ਕਰਵਾਏ ਜਾਣਗੇ ਅਤੇ ਨਾਲ ਹੀ ਇੰਨਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖਰੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੰਨਾਂ 11 ਮੁਕਾਬਲਿਆਂ ਵਾਲੀ ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਸ਼ੁਰੂ ਹੋ ਕੇ ਰਾਜ ਪੱਧਰ ਤੱਕ ਹੋਵੇਗੀ। ਇਹਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਸੋਸ਼ਲ ਮੀਡੀਆ ਰਾਹੀਂ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ,ਬਾਣੀ, ਉਪਦੇਸ਼, ਫਲਸਫੇ ਅਤੇ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਪੂਰਾ ਗਿਆਨ ਹਾਸਲ ਹੋ ਸਕੇ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਨ- ਜਨ ਜਾਣੂੰ ਹੋ ਸਕੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੇ ਨਾਲ ਨਾਲ ਬਿਹਤਰੀਨ ਕਾਰਗੁਜ਼ਾਰੀ ਵਾਲੇ ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਬੱਚਿਆਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਜਾਵੇਗਾ। ਇਹਨਾਂ ਮੁਕਾਬਲਿਆਂ ਦੇ ਸੰਚਾਲਣ ਲਈ ਜਿਲ੍ਹੇ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਸੈਕੰਡਰੀ ਪੱਧਰ ਤੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਕਮੇਟੀ ਵਿੱਚ ਸੁਖਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਨੋਡਲ ਅਫਸਰ ਵਿੱਦਿਅਕ ਮੁਕਾਬਲੇ,ਪ੍ਰੇਮ ਕੁਮਾਰ ਮਿੱਤਲ ਇੰਚਾਰਜ ਸਿੱਖਿਆ ਸੁਧਾਰ ਟੀਮ, ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ, ਡੀ ਐਮ ਬਾਲ ਕ੍ਰਿਸ਼ਨ, ਡੀ ਐਮ ਹਰਸਿਮਰਨ ਸਿੰਘ ਅਤੇ ਡੀ ਐਮ ਹਰਭਜਨ ਸਿੰਘ ਸ਼ਾਮਿਲ ਹਨ।
ਐਲੀਮੈਂਟਰੀ ਪੱਧਰ ਦੇ ਮੁਕਾਬਲਿਆਂ ਦੀ ਕਮੇਟੀ ਵਿੱਚ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਬਲਜੀਤ ਸਿੰਘ ਸੰਦੋਹਾ ਉਪ ਜ਼ਿਲ੍ਹਾ ਸਿੱਖਿਆ ਅਫਸਰ, ਰਾਜਵਿੰਦਰ ਸਿੰਘ ਬਰਾੜ ਨੋਡਲ ਅਫਸਰ ਵਿੱਦਿਅਕ ਮੁਕਾਬਲੇ ਕਮ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਰਣਜੀਤ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸੁਖਪਾਲ ਸਿੰਘ ਸਿੱਧੂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹਰਮੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਮਲ ਹਨ।