ਸੈਨਿਕ ਸਕੂਲਾਂ ਦੇ ਨਿੱਜੀਕਰਨ ਦੀਆਂ ਖਬਰਾਂ ‘ਤੇ ਖੜਗੇ ਨੇ ਜਤਾਇਆ ਇਤਰਾਜ਼, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੀ ਚਿੱਠੀ
ਦਿੱਲੀ, 11 ਅਪ੍ਰੈਲ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਸੈਨਿਕ ਸਕੂਲਾਂ ਦੇ ਨਿੱਜੀਕਰਨ ਦਾ ਦੋਸ਼ ਲਗਾਇਆ ਹੈ। ਖੜਗੇ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ‘ਚ ਲਿਖਿਆ ਹੈ ਕਿ ਸੈਨਿਕ ਸਕੂਲਾਂ ਨੂੰ ਨਿੱਜੀ ਹੱਥਾਂ ‘ਚ ਸੌਂਪਣ ਨਾਲ ਜੁੜੀ ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਤੋਂ ਸਾਹਮਣੇ ਆਈ ਹੈ।
ਖੜਗੇ ਨੇ ਕਿਹਾ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਸਰਕਾਰ ਨੇ ਹੁਣ ਤੱਕ ਅਜਿਹੇ 40 ਸੈਨਿਕ ਸਕੂਲ ਖੋਲ੍ਹਣ ਲਈ ਨਿੱਜੀ ਲੋਕਾਂ ਅਤੇ ਸੰਸਥਾਵਾਂ ਨਾਲ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ।
ਖੜਗੇ ਨੇ ਕਿਹਾ ਕਿ ਇਨ੍ਹਾਂ ‘ਚੋਂ 62 ਫੀਸਦੀ ਤੋਂ ਜ਼ਿਆਦਾ ਸਮਝੌਤਾ ਭਾਜਪਾ ਅਤੇ ਆਰਐੱਸਐੱਸ ਨਾਲ ਜੁੜੇ ਲੋਕਾਂ ਨਾਲ ਹੋਏ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ, ਕਈ ਵਿਧਾਇਕ, ਭਾਜਪਾ ਅਤੇ ਆਰਐਸਐਸ ਦੇ ਅਧਿਕਾਰੀਆਂ ਦੇ ਪਰਿਵਾਰ ਸ਼ਾਮਲ ਹਨ। ਉਨ੍ਹਾਂ ਨੇ ਸਰਕਾਰ ਦੇ ਇਸ ਕਦਮ ਨੂੰ ਹਥਿਆਰਬੰਦ ਸੈਨਾਵਾਂ ਦੇ ਅੰਦਰ ਇੱਕ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਦੱਸਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਫੌਜੀ ਤਾਕਤਾਂ ਨੂੰ ਕਿਸੇ ਵੀ ਸਿਆਸੀ ਸੋਚ ਜਾਂ ਵਿਚਾਰਧਾਰਾ ਤੋਂ ਦੂਰ ਰੱਖਣ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਇਸ ਪਹਿਲਕਦਮੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੀ ਹੈ।