ਸੇਫ ਸਕੂਲ ਵਾਹਨ ਪਾਲਿਸੀ- ਧੁੰਦ ਦੇ ਮੌਸਮ ’ਚ ਪੂਰੀ ਚੌਕਸੀ ਨਾਲ ਸੁਰੱਖਿਅਤ ਚਲਾਈਆਂ ਜਾਣ ਸਕੂਲੀ ਬੱਸਾਂ
ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਸੈੱਲ ਵਲੋਂ ਸਕੂਲੀ ਬੱਸਾਂ ਦੇ ਡਰਾਇਵਰਾਂ ਲਈ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ
ਕਪੂਰਥਲਾ, 12 ਦਸੰਬਰ (ਵਿਸ਼ਵ ਵਾਰਤਾ): ਸਰਦੀਆਂ ਦੇ ਮੌਸਮ ਅਤੇ ਧੁੰਦ ਦੇ ਮੱਦੇਨਜ਼ਰ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੁਲਿਸ ਵਲੋਂ ਉਪਰਾਲੇ ਤੇਜ਼ ਕਰਦਿਆਂ ਸਕੂਲੀ ਬੱਸਾਂ ਦੇ ਡਰਾਇਵਰਾਂ ਅਤੇ ਸਹਾਇਕ ਅਮਲੇ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਚਲਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਸਰਦੀ ਦੇ ਦਿਨਾਂ ’ਚ ਪੂਰੀ ਚੌਕਸੀ ਨਾਲ ਵਾਹਨ ਚਲਾਏ ਜਾਣ।
ਐਸ.ਐਸ.ਪੀ. ਵਤਸਲਾ ਗੁਪਤਾ ਅਤੇ ਡੀ.ਐਸ.ਪੀ. ਟ੍ਰੈਫਿਕ ਅਸ਼ੋਕ ਕੁਮਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਸਥਾਨਕ ਐਮ.ਜੀ.ਐਨ. ਸਕੂਲ ਤੋਂ ਸਾਵਧਾਨੀ ਨਾਲ ਵਾਹਨ ਚਲਾਓ ਦਾ ਸੰਦੇਸ਼ ਦਿੰਦਿਆਂ ਡਰਾਇਵਰਾਂ ਅਤੇ ਸਹਾਇਕ ਅਮਲੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੁੰਦ ਆਦਿ ਦੇ ਦਿਨਾਂ ’ਚ ਬੱਸਾਂ ਪੂਰੀ ਸਾਵਧਾਨੀ ਨਾਲ ਚਲਾਈਆਂ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਟ੍ਰੈਫਿਕ ਅਮਲੇ ਵਲੋਂ ਡਰਾਇਵਰਾਂ ਨੂੰ ਬੱਸਾਂ ਸੇਫ ਵਾਹਨ ਪਾਲਿਸੀ ਦੀਆਂ ਨਿਰਧਾਰਿਤ ਸ਼ਰਤਾਂ ਅਨੁਸਾਰ ਸੁਰੱਖਿਅਤ ਢੰਗ ਨਾਲ ਬੱਸਾ ਚਲਾਉਣ ਦਾ ਸੰਦੇਸ਼ ਦਿੱਤਾ ਗਿਆ।
ਐਮ.ਜੀ.ਐਨ. ਸਕੂਲ ਵਿਖੇ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਸਮੇਂ-ਸਮੇਂ ਸਿਰ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਤਾਂ ਜੋ ਨਿਰਧਾਰਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸਮੂਹ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਕਿਹਾ ਕਿ ਜੋ ਸਕੂਲ ਵਾਹਨ ਨਿਯਮਾਂ ਦੀ ਪਾਲਣਾ ਵਿਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੀਆਂ ਬੱਸਾਂ ਵਿਚ ਨਿਯਮਾਂ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਜਾਣ। ਸਕੂਲੀ ਬੱਸਾਂ ਵਿਚ ਵਿਦਿਆਰਥਣਾ ਦੀ ਸਹੂਲਤ ਲਈ ਮਹਿਲਾਂ ਹੈੱਲਪਰਾਂ ਦਾ ਹੋਣਾ ਲਾਜ਼ਮੀ ਹੈ ਅਤੇ ਵਿਦਿਆਰਥੀਆਂ ਨੂੰ ਲਿਆਉਣ-ਲਿਜਾਉਣ ਵੇਲੇ ਇਹ ਹੈੱਲਪਰਾਂ ਬੱਸਾਂ ਵਿਚ ਮੌਜੂਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਏ.ਐਸ.ਆਈ. ਗੁਰਬਚਨ ਸਿੰਘ ਵਲੋਂ ਹਾਦਸਿਆਂ ਤੋਂ ਬਚਾਅ ਲਈ ਡਰਾਈਵਰਾਂ ਨੂੰ ਅਪੀਲ ਕੀਤੀ ਗਈ ਕਿ ਧੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਰਫ਼ਤਾਰ ਘੱਟ ਰੱਖੀ ਜਾਵੇ ਅਤੇ ਹੈੱਡ ਲਾਈਟਾਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਵਾਹਨਾਂ ਉੱਤੇ ਫਾਗ ਲਾਈਟਾਂ ਲੱਗੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਚਾਲੂ ਹਾਲਤ ਵਿਚ ਰੱਖਦਿਆਂ ਦੂਸਰੇ ਵਾਹਨਾਂ ਨਾਲੋਂ ਲੋੜੀਂਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਹਨੇਰੇ ਅਤੇ ਸੰਘਣੀ ਧੁੰਦ ਵਾਲੇ ਮੌਸਮ ਦੌਰਾਨ ਵਾਹਨਾਂ ਦੀਆਂ ਹੈੱਡ ਲਾਈਟਾਂ ਨੂੰ ਹਮੇਸ਼ਾ ਲੋਅ ਬੀਮ ਮੋਡ ’ਤੇ ਰੱਖਿਆ ਜਾਵੇ ਤਾਂ ਜੋ ਵਾਹਨ ਚਾਲਕ ਸੜਕ ਨੂੰ ਚੰਗੀ ਤਰ੍ਹਾਂ ਦੇਖ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਬਲਵਿੰਦਰ ਸਿੰਘ, ਮਹਿਲਾ ਸਿਪਾਹੀ ਟਰੈਫਿਕ ਜਸਪ੍ਰੀਤ ਕੌਰ, ਸਕੂਲ ਦੇ ਟਰਾਂਸਪੋਰਟ ਇੰਚਾਰਜ ਸੁਖਦੇਵ ਸਿੰਘ ਅਤੇ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਹਾਜਰ ਸਨ।
ਕੈਪਸ਼ਨ- ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਡਰਾਇਵਰਾਂ ਨੂੰ ਜਾਗਰੂਕ ਕਰਦੇ ਹੋਏ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਸੈੱਲ ਦੀ ਟੀਮ।