ਚੰਡੀਗੜ੍ਹ 23 ਅਪ੍ਰੈਲ( ਵਿਸ਼ਵ ਵਾਰਤਾ )-ਪ੍ਰਮੁੱਖ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਵਧੀਕੀਆਂ ਬਾਰੇ ਬਿਆਨ ਕਰਦਿਆਂ ਆਖਿਆ ਕਿ ਹਰ ਰੋਜ਼ ਅਜ਼ੀਬੋ ਗਰੀਬ ਖ਼ਬਰਾਂ ਸੁਣ,ਦੇਖ ਅਤੇ ਪੜ੍ਹ ਕੇ ਦਿਲ ਬੜਾ ਦੁਖੀ ਹੋ ਜਾਂਦਾ ਹੈ ਕਿ ਸਾਡਾ ਭਾਰਤ ਦੇਸ਼ ਕਦੇ “ਸੋਨੇ ਦੀ ਚਿੜੀ” ਕਹਾਉਣ ਵਾਲਾ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਬੱਸ ਸੱਤਾ ਅਤੇ ਤਾਕਤ ਹਾਸਲ ਕਰਨੀ ਫਿਰ ਪੈਸਾ ਕਮਾਉਣਾ ਹੀ ਇੱਕੋ ਇੱਕ ਉਦੇਸ਼ ਰਹਿ ਗਿਆ ਹੈ। ਸਾਡੇ ਲੀਡਰ ਸਾਰੇ ਨੈਤਿਕ ਮੁੱਲ, ਕਦਰਾਂ-ਕੀਮਤਾਂ ਭੁੱਲਕੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਹਨ। ਸੂਰਤ( ਗੁਜਰਾਤ)ਪਾਰਲੀਮਾਨੀ ਹਲਕੇ ਵਾਲ਼ਿਆਂ ਕਦੇ ਕਿਸੇ ਨੇ ਸੋਚਿਆ ਹੋਣਾ ਕਿ ਵੋਟਾਂ ਪਾਉਣ ਦੀ ਤਰੀਕ ਜੋ 7 ਮਈ 2024 ਸੀ ਉਸ ਤੋਂ ਪਹਿਲਾਂ ਹੀ 8 ਉਮੀਦਵਾਰ ਨਾਮਜ਼ਦਗੀ ਪੇਪਰ ਵਾਪਸ ਲੈ ਲੈਣਗੇ ਤੇ 3 ਗਵਾਹ ਮੁੱਕਰ ਜਾਣਗੇ ਤੇ ਕਹਿਣਗੇ ਕਿ ਉਨਾਂ ਦੇ ਤਾਂ ਪੇਪਰ ਤੇ ਦਸਤਖਤ ਹੀ ਜਾਹਲੀ ਹਨ। ਤੇ ਫਿਰ ਫਟਾ-ਫਟ ਰੀਟਰਨਿੰਗ ਅਫਸਰ ਨਿਰਵਿਰੋਧ ਜਿੱਤ ਦਾ ਸਰਟੀਫੀਕੇਟ ਦੇ ਦੇਂਦਾ ਹੈ ਹੱਦ ਹੀ ਹੋ ਗਈ। ਦੇਸ਼ ਵਾਸੀਓ ਤੁਸੀਂ ਸਾਰੇ ਜਾਣਦੇ ਹੋ ਭਾਰਤ ਕਿਸ ਸੰਕਟ ਵਿੱਚੋਂ ਲੰਘ ਰਿਹਾ। ਇੱਥੇ ਸਿਰਫ 21 ਬੇਹੱਦ ਅਮੀਰਾਂ ਕੋਲ 70 ਕਰੋੜ ਆਮ ਭਾਰਤੀਆਂ ਦੀ ਕੁੱਲ ਦੌਲਤ ਨਾਲੋਂ ਵੱਧ ਦੌਲਤ ਹੈ। ਬੇਰੁਜ਼ਗਾਰੀ, ਗਰੀਬੀ, ਬੀਮਾਰੀ,ਅਨਪੜ੍ਹਤਾ, ਭਿ੍ਸ਼ਟਾਚਾਰ ‘ਚ ਅਸੀਂ ਦੁਨੀਆਂ ਵਿੱਚ ਸਭ ਤੋਂ ਉੱਪਰਲਿਆਂ ਵਿੱਚ ਆਉਂਦੇ ਹਾਂ।ਕਿਸਾਨ ਦੀ, ਮਜ਼ਦੂਰ ਦੀ ਕੋਈ ਸੁਣਦਾ ਨਹੀਂ। ਥੋੜੀ ਜਿਹੀ ਖੈਰ ਪਾਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਵਿਹਲਾ ਦਿਮਾਗ਼ ਤੇ ਖਾਲੀ ਪੇਟ ਬੜਾ ਖਤਰਨਾਕ ਸੁਮੇਲ ਹੈ। ਨੈਸ਼ਨਲ ਕਰਾਈਮ ਰੀਕਾਰਡਜ਼ ਬਿਊਰੋ ਦੀ 2022 ਦੀ ਰਿਪੋਰਟ ਮੁਤਾਬਕ 154 ਕਿਸਾਨ ਤੇ ਮਜ਼ਦੂਰ ਰੋਜ਼ਾਨਾ ਖੁਦਕਸ਼ੀ ਕਰ ਰਹੇ ਹਨ। ਤੇ ਸਰਕਾਰ ਅਮੀਰ ਪੂੰਜੀ ਪੱਤੀਆਂ ਨੂੰ ਗੱਫਿਆਂ ਤੇ ਗੱਫੇ ਦੇਈ ਜਾ ਰਹੀ ਹੈ। 2019 ਵਿੱਚ ਸਰਕਾਰ ਨੇਂ ਕਾਰਪੋਰੇਟ ਟੈਕਸ 30% ਤੋਂ ਘਟਾਕੇ 22% ਕਰ ਦਿੱਤਾ ਜਿਸ ਨਾਲ ਅੰਦਾਜ਼ੇ ਮੁਤਾਬਕ ਉਨਾਂ ਦੇ 1.45 ਲੱਖ ਕਰੋੜ ਦਾ ਫਾਇਦਾ ਹੋਇਆ। ਇਥੇ ਨਹੀਂ ਸਗੋਂ 2014-2023 ਤੱਕ ਪੂੰਜੀਪਤੀਆਂ ਦਾ 15.56 ਲੱਖ ਕਰੋੜ ਦਾ ਵਪਾਰਕ ਬੈਂਕਾਂ ਦਾ ਕਰਜ਼ਾ ਵੀ ਮੁਆਫ ਕਰ ਦਿੱਤਾ। ਇਹ ਕਿੱਥੋਂ ਦਾ ਇਨਸਾਫ ਹੈ। 24 ਮਾਰਚ ਨੂੰ ਵੀ ਤੁਹਾਡੇ ਨਾਲ ਇਸੇ ਪੇਜ ਤੇ ਸਿਆਸਤ ਦੇ ਇਸ ਨੀਵੇਂ ਪੱਧਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ।ਹੁਣ ਵੀ ਕੁਝ ਦਿਨਾਂ ਤੋਂ ਮਨ ਉਚਾਟ ਸੀ। ਮੇਰੇ ਵਰਗੇ ਇਨਸਾਨ ਕੁਝ ਕਰ ਤਾਂ ਨਹੀਂ ਸਕਦੇ, ਭੜਾਸ ਤਾਂ ਕੱਢ ਸਕਦੇ ਹਨ। ਉਮੀਦ ਹੈ ਤੁਸੀਂ ਇਸੇ ਸੰਦਰਭ ਵਿੱਚ ਲਓਗੇ।ਨਿਸ਼ਾਨਾ ਸਿਰਫ ਕਿਸੇ ਇੱਕ ਲੀਡਰ ਜਾਂ ਪਾਰਟੀ ਬਾਰੇ ਨਹੀਂ। ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਇਹਨਾਂ ਸਾਰਿਆਂ ਨੂੰ ਪਰਮਾਤਮਾ ਸੁਮੱਤ ਅਤੇ ਬਲ ਬਖਸ਼ੇ ਕਿ ਚੰਗੇ ਇਨਸਾਨ ਬਣਕੇ ਲੋਕ ਭਲਾਈ ਦੇ ਕੰਮ ਕਰਨ। ਹਿਸਟਰੀ ਪੜ੍ਹ ਲੈਣ ਕਿ ਤਾਨਾਸ਼ਾਹਾਂ ਦਾ ਕੀ ਹਸ਼ਰ ਹੁੰਦਾ ਹੈ । ਜੇਕਰ ਸਰਕਾਰ ਚਲਾਉਣ ਵਾਲ਼ੇ ਨੇਤਾ ਬੇਈਮਾਨ ਹੋਣ ਜਾਂ ਤਾਕਤ ਦੇ ਨਸ਼ੇ ਵਿੱਚ ਅੰਨ੍ਹੇ ਹੋ ਜਾਣ ਫਿਰ ਤਾਂ ਦੇਸ਼ ਵਾਸੀਆਂ ਭਾਵ ਮੱਤਦਾਤਾਵਾਂ/ ਵੋਟਰਾਂ ਨੂੰ ਜਾਗ੍ਰਿਤ ਹੋਣਾ ਜ਼ਰੂਰੀ ਹੈ ਅਤੇ ਬੇਈਮਾਨੀ ਕਰਨ ਵਾਲ਼ੇ ਸ਼ਾਸਕਾਂ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਤਖ਼ਤ ਪਲਟ ਦੇਣਾ ਚਾਹੀਦਾ ਹੈ ।
CM ਦੀ ਯੋਗਸ਼ਾਲਾ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
CM ਦੀ ਯੋਗਸ਼ਾਲਾ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਵਧੀਕ ਡਿਪਟੀ ਕਮਿਸ਼ਨਰ ਵਲੋਂ ਯੋਗਸ਼ਾਲਾ ਯੋਜਨਾ ਦਾ...