ਸੂਬੇ ਭਰ ਵਿੱਚ ਆਰੰਭ ਹੋਏ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਇਜਲਾਸ
ਮਾਨਸਾ 2 ਅਕਤੂਬਰ(ਵਿਸ਼ਵ ਵਾਰਤਾ)-
ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਸ਼ੁਭ ਅਵਸਰ ‘ਤੇ ਅੱਜ ਤੋਂ ਵਿਸ਼ੇਸ਼ ਗ੍ਰਾਮ ਸਭਾ ਇਜਲਾਸ ਆਰੰਭ ਕੀਤੇ ਗਏ ਹਨ ਪੰਚਾਇਤੀ ਵਿਭਾਗ ਅਨੁਸਾਰ ਇਹਨਾਂ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ, ਗ੍ਰਾਮ ਪੰਚਾਇਤ ਵਿਕਾਸ ਯੋਜਨਾ, ਜਲ ਜੀਵਨ ਮਿਸ਼ਨ ਅਤੇ ਸਵੱਛਤਾ ਪੰਦਰਵਾੜਾ ਦੇ ਤਹਿਤ ਗਤੀਵਿਧੀਆਂ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਪੰਚਾਇਤ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ। ਮਾਨਸਾ ਜ਼ਿਲ੍ਹੇ ਵਿਚ ਇਸ ਇਜਲਾਸ ਦੀ ਸ਼ੁਰੂਆਤ ਕਿਸਾਨਾਂ ਮਜ਼ਦੂਰਾਂ ਦੇ ਸੰਘਰਸੀ ਪਿੰਡ ਵੱਜੋਂ ਜਾਣੇ ਜਾਂਦੇ ਭੈਣੀ ਬਾਘਾ ਪਿੰਡ ਤੋਂ ਹੋਈ ਹੈ ਅਤੇ ਛੇਤੀ ਹੀ ਇਸ ਸਾਰੇ ਜ਼ਿਲ੍ਹੇ ਨੂੰ ਪੂਰਾ ਕਰ ਲਵੇਗੀ।
ਮਾਨਸਾ ਦੇ ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਦੇ ਮੁੱਖ ਲੱਛਣ ਆਮ ਜਨਤਾ ਦਾ ਹਿੱਸੇਦਾਰੀ ਰਾਹੀ, ਆਪਸੀ ਵਿਚਾਰ ਵਟਾਂਦਰਾ ਅਤੇ ਆਮ ਜਨਤਾ ਨੂੰ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ 90000 ਤੋਂ ਵੱਧ ਚੁਣੇ ਹੋਏ ਪੰਚਾਇਤੀ ਰਾਜ ਦੇ ਨੁਮਾਇੰਦੇ, ਆਮ ਜਨਤਾ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ, ਆਪਣੇ ਵਸੀਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਵਿਕਾਸ ਯੋਜਨਾਵਾਂ ਖੁਦ ਤਿਆਰ ਕਰਕੇ ਪੇਂਡੂ ਖੇਤਰਾਂ ਵਿਚ ਇਕ ਬੜਾ ਹੀ ਮਹੱਤਵਪੂਰਨ ਬਦਲਾਅ ਲਿਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ, ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਨੂੰ ਅਸਰਦਾਰ ਢੰਗ ਦੀ ਵਿਉਂਤਬੰਦੀ ਨਾਲ ਲਾਗੂ ਕਰਕੇ ਦਿਹਾਤੀ ਖੇਤਰਾਂ ਵਿੱਚ ਵਿਕਾਸ ਦੀ ਲਹਿਰ ਲਿਆ ਸਕਦੀਆਂ ਹਨ।
ਮਾਨਸਾ ਦੇ ਡੀਡੀਪੀਓ ਠਵਨੀਤ ਜੋਸ਼ੀ ਨੇ ਕਿਹਾ ਕਿ ਗ੍ਰਾਮ ਸਭਾ ਵਿੱਚ ਵੱਧ ਤੋਂ ਵੱਧ ਹਾਜ਼ਰੀ ਯਕੀਨੀ ਜਾਵੇ ਅਤੇ ਘੱਟੋ ਘੱਟ ਹਾਜ਼ਰੀ 10% ਹੋਵੇ
ਉਨ੍ਹਾਂ ਕਿਹਾ ਕਿ ਗਰਾਮ ਸਭਾ ਵਿੱਚ ਵਿਚਾਰ ਵਟਾਂਦਰਾ ਕਰਕੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਵਿਸ਼ੇਸ਼ ਸਲਾਹਕਾਰ ਕਮੇਟੀਆਂ ਬਣਾਈਆਂ ਜਾਣ, ਜੋ ਕਿ ਆਪਣੇ ਵਿਸ਼ੇ ਨਾਲ ਸਬੰਧਤ ਮੌਜੂਦਾ ਸਥਿਤੀ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਵਿਚਾਰ ਦੇਣ ਅਤੇ ਯੋਜਨਾ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਾਮ ਸਭਾਵਾਂ ਵਿੱਚ ਵੱਖ ਵੱਖ ਵਿਭਾਗਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ।
ਇਸ ਮੌਕੇ ਪਿੰਡ ਦੀ ਪੰਚਾਇਤ, ਮੋਹਤਵਰ ਵਿਅਕਤੀ, ਸਹਿਕਾਰੀ ਸਭਾ ਦੇ ਪ੍ਰਧਾਨ ਨੱਥਾ ਸਿੰਘ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਮਹਿਕਮਿਆਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ