ਚੰਡੀਗੜ, 9 ਜਨਵਰੀ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਹਿੰਸਾ ਭੜਕਾਉਣ ਅਤੇ ਕਾਂਗਰਸੀ ਵਰਕਰਾਂ ਨੂੰ ਅਕਾਲੀ ਵਰਕਰਾਂ ਦੇ ਕਤਲ ਵਾਸਤੇ ਉਕਸਾਉਣ ਲਈ ਸੂਬੇ ਦੀ ਪੁਲਿਸ ਨੂੰ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਮਾਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦੇਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੀ ਭਿਆਨਕ ਗੱਲ ਹੈ ਕਿ ਹਰਿੰਦਰਪਾਲ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਜਨਤਕ ਤੌਰ ਤੇ ਆਖਿਆ ਸੀ ਕਿ ਉਸ ਨੇ ਸੈਂਕੜੇ ਕਿਰਪਾਨਾਂ ਜਮਾ ਕਰ ਰੱਖੀਆਂ ਹਨ ਅਤੇ ਆ ਰਹੀਆਂ ਪੰਚਾਇਤ ਚੋਣਾਂ ਵਿਚ ਉਹ ਇਹ ਕਿਰਪਾਨਾਂ ਪਾਰਟੀ ਵਰਕਰਾਂ ਨੂੰ ਵੰਡੇਗਾ। ਉਹਨਾਂ ਕਿਹਾ ਕਿ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਕਿਰਪਾਨਾਂ ਨਾਲ ਅਕਾਲੀ ਵਰਕਰਾਂ ਦਾ ਕਤਲ ਕਰਨ ਲਈ ਉਕਸਾਇਆ ਸੀ। ਮਾਨ ਨੇ ਕਾਂਗਰਸੀ ਵਰਕਰਾਂ ਨੂੰ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਨਤੀਜਿਆਂ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੀ ਰਾਖੀ ਵਾਸਤੇ ਉਹ ਬੈਠਾ ਹੈ।
ਮੁੱਖ ਮੰਤਰੀ ਨੂੰ ਇਹ ਦੱਸਦਿਆਂ ਕਿ ਮਾਨ ਨੇ ਲੋਕਾਂ ਨੂੰ ਮੁੱਖ ਮੰਤਰੀ ਨਾਲ ਆਪਣੇ ਨੇੜਲੇ ਸੰਬੰਧਾਂ ਬਾਰੇ ਦੱਸਣ ਮਗਰੋਂ ਉਪਰੋਕਤ ਬਿਆਨ ਦਿੱਤਾ ਸੀ, ਸਰਦਾਰ ਬਾਦਲ ਨੇ ਕਿਹਾ ਕਿ ਇਹ ਘਟਨਾ ਮੁੱਖ ਮੰਤਰੀ ਦੇ ਨਾਂ ਦੀ ਦੁਰਵਰਤੋਂ ਕਰਨ ਦੇ ਤੁਲ ਸੀ। ਉਹਨਾਂ ਕਿਹਾ ਕਿ ਤੁਹਾਨੂੰ ਇਸ ਬਾਰੇ ਤੁਰੰਤ ਆਪਣਾ ਪੱਖ ਰੱਖਣਾ ਚਾਹੀਦਾ ਹੈ। ਤੁਹਾਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਤੁਸੀਂ ਹਰਿੰਦਰਪਾਲ ਮਾਨ ਨੂੰ ਅਜਿਹਾ ਬਿਆਨ ਦੇਣ ਦੀ ਆਗਿਆ ਦਿੱਤੀ ਹੈ। ਜੇਕਰ ਨਹੀਂ ਤਾਂ ਤੁਰੰਤ ਉਸ ਦੇ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਇਹੀ ਮਤਲਬ ਸਮਝਿਆ ਜਾਵੇਗਾ ਕਿ ਉਹ ਤੁਹਾਡੀ ਆਗਿਆ ਅਤੇ ਸਮਰਥਨ ਨਾਲ ਮੁੱਖ ਮੰਤਰੀ ਦੀ ਕੁਰਸੀ ਦੀ ਦੁਰਵਰਤੋਂ ਕਰ ਰਿਹਾ ਹੈ।
ਸ ਬਾਦਲ ਨੇ ਕਿਹਾ ਕਿ ਇੱਕ ਵੱਖਰਾ ਕੇਸ ਕਾਂਗਰਸ ਆਗੂ ਵਿਰੁੱਧ ਇਹ ਫੜ ਮਾਰਨ ਲਈ ਦਰਜ ਕਰਨਾ ਚਾਹੀਦਾ ਹੈ ਕਿ ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਸਨੌਰ ਦੇ ਦੋ ਵਾਰਡਾਂ ਤੋਂ ਪਾਰਟੀ ਦੀ ਜਿੱਤ ਲਈ ਉਹ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਮਾਨ ਨੇ ਕਿਹਾ ਹੈ ਕਿ ਦੋਵੇਂ ਵਾਰਡ ਡਾਂਗ ਦੇ ਜ਼ੋਰ ਨਾਲ ਅਕਾਲੀ ਵਰਕਰਾਂ ਨੂੰ ਕੁੱਟ ਕੇ ਜਿੱਤੇ ਹਨ। ਪ੍ਰਦੇਸ਼ ਚੋਣ ਕਮਿਸ਼ਨ ਨੂੰ ਉਸ ਦੇ ਇਸ ਬਿਆਨ ਦਾ ਨੋਟਿਸ ਲੈਣ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਕੋਈ ਨਿਵੇਕਲਾ ਮਾਮਲਾ ਨਹੀਂ ਹੈ, ਜਿੱਥੇ ਕਾਂਗਰਸੀ ਆਗੂਆਂ ਨੇ ਤਾਕਤ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਹਰਾਇਆ ਹੈ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਗੁਰੂਹਰਸਹਾਇ ਵਿਖੇ ਵਿਨੈ ਬਜਾਜ ਨਾਂ ਦਾ ਇੱਕ ਨੌਜਵਾਨ ਬੁਰੀ ਤਰਾਂ ਜ਼ਥਖ਼ਮੀ ਹੋ ਗਿਆ ਸੀ। ਜਦੋਂ ਉਹ ਗੁਰੂਹਰਸਹਾਇ ਦੇ ਵਿਧਾਇਕ ਰਾਣਾ ਗੁਰਮੀਤ ਸੋਢੀ ਦੇ ਮੁੰਡੇ ਖ਼ਿਲਾਫ ਕੇਸ ਦਰਜ ਕਰਵਾਉਣ ਲਈ ਪੁਲਿਸ ਕੋਲ ਗਿਆ ਤਾਂ ਪੁਲਿਸ ਨੇ ਅਣਪਛਾਤੇ ਬੰਦਿਆਂ ਖਿਲਾਫ ਮਾਮਲਾ ਦਰਜ ਕਰ ਲਿਆ। ਪਿਛਲੇ ਹਫਤੇ ਇੱਕ ਕੌਮਾਂਤਰੀ ਪੱਧਰ ਦੀ ਕਰਾਟੇ ਚੈਂਪੀਅਨ ਨੇ ਇਸ ਲਈ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਹ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਅਪੀਲਾਂ ਕਰਨ ਦੇ ਬਾਵਜੂਦ ਆਪਣੇ ਪਰਿਵਾਰ ਨੂੰ ਇਨਸਾਫ ਨਹੀਂ ਸੀ ਦਿਵਾ ਸਕੀ। ਇਸ ਤੋਂ ਪਹਿਲਾਂ ਅਜਿਹੇ ਕਿੰਨੇ ਹੀ ਕੇਸ ਹੋ ਚੁੱਕੇ ਹਨ, ਜਿਹਨਾਂ ਵਿਚ ਕਾਂਗਰਸੀ ਵਰਕਰਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦਿਆਂ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਕਤਲ ਕੀਤੇ ਅਤੇ ਉਹਨਾਂ ਨੂੰ ਜ਼ਖ਼ਮੀ ਕੀਤਾ। ਇਹ ਸਭ ਇਸ ਲਈ ਵਾਪਰ ਰਿਹਾ ਹੈ, ਕਿਉਂਕਿ ਇਸ ਨੂੰ ਰੋਕਣ ਲਈ ਤੁਸੀਂ ਕੋਈ ਸਿਆਸੀ ਪਹਿਲਕਦਮੀ ਨਹੀਂ ਕੀਤੀ ਅਤੇ ਸੂਬੇ ਦੀ ਪੁਲਿਸ ਨੂੰ ਉਹਨਾਂ ਕਾਂਗਰਸੀ ਆਗੂਆਂ ਖਿਲਾਫ ਦਰਜ ਕਰਨ ਲਈ ਨਹੀਂ ਕਿਹਾ, ਜਿਹੜੇ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹਨ। ਕਿਰਪਾ ਕਰਕੇ ਹਰਿੰਦਰਪਾਲ ਮਾਨ ਵਿਰੁੱਧ ਕੇਸ ਦਰਜ ਕਰਵਾ ਕੇ ਇਸ ਕਾਰਜ ਦੀ ਸ਼ੁਰੂਆਤ ਕਰੋ ਅਤੇ ਪੰਜਾਬ ਨੂੰ ਜੰਗਲ ਰਾਜ ਵੱਲ ਧੱਕੇ ਜਾਣ ਤੋਂ ਰੋਕੋ।
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ ਪੁਲਿਸ ਨੇ ਰਿਪੋਰਟ ਦਰਜ ਕਰਕੇ ਭਾਲ਼ ਕੀਤੀ ਸ਼ੁਰੂ ਲੱਭਣ ਵਾਲੇ...