ਸੁਖਬੀਰ ਬਾਦਲ ਨੇ ਰਾਜਨਾਥ ਸਿੰਘ ਨੂੰ ਗੁਰਦੁਆਰਾ ਗੁਰੂਡਾਂਗਮਾਰ ਦੀ ਜਗ੍ਹਾ ਬਦਲੀ ਦੀ ਜਾਂਚ ਲਈ ਕਿਹਾ

379
Advertisement


ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਸਿੱਕਮ ਵਿਚ ਗੁਰਦੁਆਰਾ ਗੁਰੂਡਾਂਗਮਾਰ ਦੀ ਪਰਿਕਰਮਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਬਦੀਲ ਕਰਕੇ ਕਿਸੇ ਹੋਰ ਜਗ੍ਹਾ ਰੱਖਣ ਦੀ ਘਟਨਾ ਦੀ ਤੁਰੰਤ ਜਾਂਚ ਕਰਵਾਉਣ ਅਤੇ ਸਿੱਖ ਕੌਮ ਦੀ ਜ਼ਖਮੀ ਹੋਈਆਂ ਭਾਵਨਾਵਾਂ ਉੱਤੇ ਫੰਬਾ ਰੱਖਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਕਮ ਤੋਂ ਆਈ ਖਬਰ ਅਨੁਸਾਰ ਹਾਲ ਹੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਵਸਤਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਕਰਦੇ ਹੋਏ ਗੁਰਦੁਆਰਾ ਗੁਰੂਡਾਂਗਮਾਰ ਵਿਚੋਂ ਚੁੱਕ ਕੇ ਆਪ ਹੁਦਰੇ ਤਰੀਕੇ ਨਾਲ ਗੁਰਦੁਆਰਾ ਨਾਨਕ ਲਾਮਾ ਚੰਗਥੰਗ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਸ. ਬਾਦਲ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਅਫਸੋਸਨਾਕ ਹੈ। ਗੁਰਦੁਆਰਾ ਗੁਰੂਡਾਂਗਮਾਰ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਇੱਕ ਧਾਰਮਿਕ ਸਥਾਨ ਵਜੋਂ ਮੌਜੂਦ ਹੈ। ਉਹਨਾਂ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਵਾਲੀ ਜਗ੍ਹਾ ਉੱਤੇ ਸੁਸ਼ੋਭਿਤ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਗ੍ਰਹਿ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਕਿ ਸਿੱਖ ਮਰਿਆਦਾ ਦੀ ਦੁਬਾਰਾ ਉਲੰਘਣਾ ਨਾ ਹੋਵੇ, ਸਿੱਕਮ ਵਿਚ ਸਥਾਨਕ ਅਧਿਕਾਰੀਆਂ ਦੀ ਮਦਦ ਲਈ ਇਕ ਸਲਾਹਕਾਰੀ ਟੀਮ ਵੀ ਭੇਜ ਸਕਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਇੱਕ ਤਿੰਨ ਮੈਂਬਰੀ ਟੀਮ, ਜਿਸ ਵਿਚ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਵੀ ਸ਼ਾਮਿਲ ਹੋਵੇ, ਭੇਜ ਕੇ ਇਸ ਮੁੱਦੇ ਦੀ ਪੜਤਾਲ ਕਰਨ ਲਈ ਆਖਿਆ ਹੈ। ਉਹਨਾਂ ਕਿਹਾ ਕਿ ਇਤਿਹਾਸਤਕ ਵੇਰਵਿਆਂ ਅਨੁਸਾਰ ਇਹ ਗੁਰਦੁਆਰਾ ਉਸ  ਜਗ੍ਹਾ ਸਥਿਤ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਫੇਰੀ ਦੌਰਾਨ ਲੋਕਾਂ ਵੱਲੋਂ ਪਾਣੀ ਦੀ ਕਮੀ ਦੀ ਸ਼ਿਕਾਇਤ ਕੀਤੇ ਜਾਣ ‘ਤੇ ਜ਼ਮੀਨ ਉੱਤੇ ਡਾਂਗ ਮਾਰ ਕੇ ਪਾਣੀ ਦਾ ਝਰਨਾ ਕੱਢਿਆ ਸੀ। ਉਹ ਝਰਨਾ ਹੁਣ ਗੁਰੂ ਸਾਹਿਬ ਦੀ ਮਿਹਰ ਨਾਲ ਭਾਰਤ-ਚੀਨ ਸਰਹੱਦ ਦੇ ਨੇੜੇ 1800 ਫੁੱਟ ਦੀ ਉਚਾਈ ਉੱਤੇ ਇੱਕ ਵੱਡੀ ਝੀਲ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਸ. ਬਾਦਲ ਨੇ  ਕਿਹਾ ਕਿ ਇਹ ਗੁਰਦੁਆਰਾ ਸਿੱਕਮ ਵਿਚ ਇੱਕ ਵਿਸ਼ੇਸ਼ ਅਹਿਮੀਅਤ ਹਾਸਿਲ ਕਰ ਚੁੱਕਿਆ ਹੈ। ਪਹਿਲੇ ਗੁਰੂ ਸਾਹਿਬ ਨਾਲ ਜੁੜਿਆ ਹੋਣ ਕਰਕੇ ਲੋਕਾਂ ਵਿਚ ਇਹ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਸ਼ਰਧਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਇਸ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਜਲਦੀ ਤੋਂ ਜਲਦੀ ਇਸ ਦੇ ਪੁਰਾਤਨ ਸਰੂਪ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ।

Advertisement

LEAVE A REPLY

Please enter your comment!
Please enter your name here