ਲੁਧਿਆਣਾ, 18 ਅਕਤੂਬਰ (ਵਿਸ਼ਵ ਵਾਰਤਾ)- ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਖੇ ਮਾਰੇ ਗਏ ਆਰ.ਐਸ.ਐਸ ਲੀਡਰ ਰਵਿੰਦਰ ਗੋਸਾਈ ਦੇ ਘਰ ਪਹੁੰਚ ਕੇ ਅੱਜ ਅਫਸੋਸ ਪ੍ਰਗਟਾਇਆ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਵਿਅਕਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਦਿਨ ਦਿਹਾੜੇ ਹੋਏ ਸ਼੍ਰੀ ਗੋਸਾਈ ਦੇ ਕਤਲ ਅਤੇ ਕਾਤਲਾਂ ਨੂੰ ਫੜਣ ਵਿੱਚ ਪੁਲਿਸ ਦੇ ਅਸਫਲ ਰਹਿਣ ਦੀ ਕਠੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਸ. ਖਹਿਰਾ ਨੇ ਕਿਹਾ ਕਿ ਇਹ ਪੰਜਾਬ ਵਿੱਚ ਸਿਆਸੀ ਕਤਲ ਦਾ ਕੋਈ ਪਹਿਲਾਂ ਮੋਕਾ ਨਹੀਂ ਹੈ, ਉਹਨਾਂ ਕਿਹਾ ਕਿ ਦੋ ਕੁ ਮਹੀਨੇ ਪਹਿਲਾਂ ਹੀ ਇਸੇ ਢੰਗ ਨਾਲ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪਾਸਟਰ ਸੁਲਤਾਨ ਮਸੀਹ ਦਾ ਕਤਲ ਕੀਤਾ ਸੀ ਪਰੰਤੂ ਪੁਲਿਸ ਅੱਜ ਤੱਕ ਕਤਲ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਸ. ਖਹਿਰਾ ਨੇ ਭੈਣੀ ਸਾਹਿਬ ਵਾਲੇ ਮਾਤਾ ਚੰਦ ਕੋਰ, ਜਲੰਧਰ ਦੇ ਇੱਕ ਹੋਰ ਆਰ.ਐਸ.ਐਸ ਆਗੂ ਜਗਦੀਸ਼ ਗਗਨੇਜਾ ਦੇ ਬਰਹਿਮ ਕਤਲ, ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਉੱਪਰ ਹੋਏ ਕਾਤਿਲਾਨਾ ਹਮਲੇ ਵਰਗੇ ਹਾਦਸੇ ਗਿਣਾਏ ਪਰੰਤੂ ਇਹਨਾਂ ਵਿੱਚੋਂ ਕਿਸੇ ਵੀ ਅਪਰਾਧ ਦਾ ਪੁਲਿਸ ਖੁਲਾਸਾ ਕਰਨ ਵਿੱਚ ਮੁਕੰਮਲ ਤੋਰ ਉੱਤੇ ਫੇਲ ਰਹੀ ਹੈ।
ਬਰਗਾੜੀ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਦੋ ਨਿਰਦੋਸ਼ ਸਿੱਖ ਨੋਜਵਾਨਾਂ ਨੂੰ ਨਿਆਂ ਦਿਵਾਉਣ ਵਿੱਚ ਅਸਫਲ ਰਹੇ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਖਹਿਰਾ ਖੂਬ ਵਰੇ ਜਿਹਨਾਂ ਨੇ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਲੋਕਾਂ ਨੂੰ ਇਨਸਾਫ ਦਾ ਵਾਅਦਾ ਕੀਤਾ ਸੀ। ਖਹਿਰਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਨੋਜਵਾਨਾਂ ਦੇ ਮਾਰੇ ਜਾਣ ਦੇ ਦੋ ਸਾਲ ਬਾਅਦ ਵੀ ਪਰਿਵਾਰਾਂ ਨੂੰ ਕਿਸੇ ਪ੍ਰਕਾਰ ਦਾ ਨਿਆਂ ਨਹੀਂ ਮਿਲਿਆ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ੧੦ ਸਾਲ ਦੇ ਜੰਗਲ ਰਾਜ ਵਰਗੀ ਹੀ ਹੈ। ਉਹਨਾਂ ਕਿਹਾ ਕਿ ਪਿਛਲੇ ੬ ਮਹੀਨੇ ਵਿੱਚ ਸਿਆਸੀ ਕਤਲਾਂ ਦੇ ਹਾਦਸੇ ਮੁੜ ਮੁੜ ਹੋ ਰਹੇ ਹਨ ਪਰੰਤੂ ਪੁਲਿਸ ਬਸ ਮੂਕ ਦਰਸ਼ਕ ਬਣੀ ਬੈਠੀ ਹੈ।
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਇਲਜਾਮ ਲਗਾਇਆ ਕਿ ਉਹ ਵੀ ਬਾਦਲਾਂ ਵਾਂਗ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਪੁਲਿਸ ਦਾ ਸਿਆਸੀਕਰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੇ ਹੱਥਠੋਕਿਆਂ ਨੂੰ ਆਪਣੀ ਮਨ ਮਰਜੀ ਅਨੁਸਾਰ ਫੀਲਡ ਪੋਸਟਾਂ ਉੱਪਰ ਲਗਵਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਬਾਅਦ ਵਿੱਚ ਆਪਣੇ ਸੀਨੀਅਰ ਪੁਲਿਸ ਅਫਸਰਾਂ ਦੀ ਬਜਾਏ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਮੰਨ ਰਹੇ ਹਨ।
ਖਹਿਰਾ ਨੇ ਕਿਹਾ ਕਿ ਜਦੋਂ ਤੱਕ ਅਮਨ ਕਾਨੂੰਨ ਦੀ ਸਥਿਤੀ ਢਹਿ ਢੇਰੀ ਰਹਿੰਦੀ ਹੈ ਅਤੇ ਨਾਗਰਿਕਾਂ ਦੀ ਜਿੰਦਗੀ ਅਤੇ ਅਜਾਦੀ ਸੁਰੱਖਿਅਤ ਨਹੀਂ ਹੈ, ਕੋਈ ਵੀ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇੰਡਸਟਰੀਅਲ ਨਿਵੇਸ਼ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ, ਕਿਉਂਕਿ ਕੋਈ ਵੀ ਵਪਾਰਕ ਘਰਾਨਾ ਪੰਜਾਬ ਵਰਗੇ ਸੂਬੇ ਵਿੱਚ ਨਿਵੇਸ਼ ਨਹੀਂ ਕਰੇਗਾ ਜਿਥੇ ਕਿ ਅਹਿਮ ਲੋਕਾਂ ਦੇ ਕਤਲ ਹੋਣਾ, ਗੈਂਗਵਾਰਾਂ ਅਤੇ ਬੈਂਕ ਡਕੈਤੀਆਂ ਆਦਿ ਰੋਜਾਨਾ ਦਾ ਕੰਮ ਬਣ ਗਏ ਹੋਣ।
ਖਹਿਰਾ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਸਿਆਸੀ ਕਤਲਾਂ ਦੇ ਮਾਮਲੇ ਸੁਲਝਾਉਣ ਨੂੰ ਅਤਿ ਪਹਿਲ ਦੇਣ ਅਤੇ ਭਵਿੱਖ ਵਿੱਚ ਅਜਿਹੇ ਕਤਲਾਂ ਨੂੰ ਰੋਕਣ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਪੁਲਿਸ ਨੂੰ ਸਿਆਸੀਕਰਨ ਤੋਂ ਮੁਕਤ ਕਰ ਦੇਣ ਅਤੇ ਬਿਨਾਂ ਸਿਆਸਤਦਾਨਾਂ ਦੀ ਦਖਲ ਅੰਦਾਜ਼ੀ ਦੇ ਇਸ ਨੂੰ ਕੰਮ ਕਰਨ ਦੇਣ।
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...