ਪੁੱਛਗਿੱਛ ਦੇ ਨਾਮ ‘ਤੇ ਤਸ਼ੱਦਦ ਕਰਨ ਦੇ ਇਲਜ਼ਾਮ
ਚੰਡੀਗੜ੍ਹ 22 ਨਵੰਬਰ(ਵਿਸ਼ਵ ਵਾਰਤਾ)-ਸਾਲ 2015 ਵਿੱਚ ਹੋਏ ਚੰਡੀਗੜ੍ਹ ਦੇ ਵਕੀਲ ਅਤੇ ਨੈਸ਼ਨਲ ਲੈਵਲ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਕਤਲ ਕੇਸ ਦੀ ਮੁੱਖ ਮੁਲਜ਼ਮ ਕਲਿਆਣੀ ਸਿੰਘ ਨੇ ਚੰਡੀਗੜ੍ਹ ਦੀ ਸੀਬੀਆਈ ਉੱਤੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਕਲਿਆਣੀ ਨੇ ਆਪਣੇ ਵਕੀਲ ਰਾਹੀਂ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਜਿਸ ਵਿੱਚ ਕਲਿਆਣੀ ਨੇ ਕਿਹਾ ਹੈ ਕਿ ਸੀਬੀਆਈ ਨੇ ਉਸ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਅਤੇ ਸਵੇਰੇ 9 ਵਜੇ ਤੋਂ ਰਾਤ 1 ਵਜੇ ਤੱਕ ਉਸ ਤੋਂ ਪੁੱਛਗਿੱਛ ਕੀਤੀ।ਅਰਜ਼ੀ ਵਿੱਚ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਹਾ ਗਿਆ ਹੈ। ਕਲਿਆਣੀ ਨੇ ਕਿਹਾ ਹੈ ਕਿ 15 ਜੂਨ ਤੋਂ 21 ਜੂਨ ਤੱਕ ਉਸ ਦੇ ਰਿਮਾਂਡ ਦੌਰਾਨ ਉਸ ਨਾਲ ‘ਜ਼ਬਾਨੀ’ ਅਤੇ ‘ਸਰੀਰਕ’ ਸ਼ੋਸ਼ਣ ਕੀਤਾ ਗਿਆ ਸੀ। ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ, ਸੀਬੀਆਈ, ਚੰਡੀਗੜ੍ਹ ਨੇ ਇਸ ਮਾਮਲੇ ਵਿੱਚ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਕਲਿਆਣੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਦੇ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਦੀ ਵੀਡੀਓਗ੍ਰਾਫੀ ਅਤੇ ਆਡੀਓਗ੍ਰਾਫੀ ਨੂੰ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ। ਕਲਿਆਣੀ ਨੇ ਕਿਹਾ ਹੈ ਕਿ ਉਸ ਦੇ 6 ਦਿਨ ਦੇ ਪੁਲਸ ਰਿਮਾਂਡ ਦੌਰਾਨ ਡੀਐੱਸਪੀ, ਇੰਸਪੈਕਟਰ ਅਤੇ ਹੋਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਉਸ ‘ਤੇ ਹਰ ਤਰ੍ਹਾਂ ਦੀ ਤਾਕਤ ਵਰਤੀ ਗਈ, ਜਿਸ ਵਿਚ ਜ਼ੁਬਾਨੀ ਅਤੇ ਸਰੀਰਕ ਸ਼ੋਸ਼ਣ ਸ਼ਾਮਲ ਸੀ। ਉੱਥੇ ਉਸਨੂੰ ਧਮਕੀ ਦਿੱਤੀ ਗਈ ਅਤੇ ਮਾਨਸਿਕ ਤੌਰ ‘ਤੇ ਦਬਾਅ ਪਾਇਆ ਗਿਆ ਅਤੇ ਜ਼ੁਬਾਨੀ ਗਾਲ੍ਹਾਂ ਕੱਢੀਆਂ ਗਈਆਂ ਅਤੇ ਕਤਲ ਦੇ ਜੁਰਮ ਨੂੰ ਕਬੂਲ ਕਰਨ ਲਈ ਕਿਹਾ ਗਿਆ।
ਅਜਿਹੇ ਵਿੱਚ ਕਲਿਆਣੀ ਨੇ ਮੰਗ ਕੀਤੀ ਹੈ ਕਿ ਸੈਕਟਰ-30 ਸਥਿਤ ਸੀਬੀਆਈ ਦਫ਼ਤਰ ਵਿੱਚ ਲਏ ਗਏ 6 ਦਿਨਾਂ ਦੇ ਰਿਮਾਂਡ ਦੀ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸ ਵਿੱਚ ਵੀਡੀਓਗ੍ਰਾਫੀ ਅਤੇ ਆਡੀਓਗ੍ਰਾਫੀ ਵੀ ਸ਼ਾਮਲ ਹੈ। ਕਲਿਆਣੀ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ 2018 ਦੇ ਇੱਕ ਫੈਸਲੇ ਨੂੰ ਵੀ ਆਧਾਰ ਬਣਾਇਆ ਹੈ। ਇਸ ਵਿੱਚ ਆਦੇਸ਼ ਦਿੱਤੇ ਗਏ ਸਨ ਕਿ ਗ੍ਰਹਿ ਮੰਤਰਾਲੇ ਦੁਆਰਾ ਇੱਕ ਕੇਂਦਰੀ ਨਿਗਰਾਨ ਬਾਡੀ (ਸੀਓਬੀ) ਦੀ ਸਥਾਪਨਾ ਕੀਤੀ ਜਾਵੇ, ਤਾਂ ਜੋ ਜਾਂਚ ਦੌਰਾਨ ਅਪਰਾਧ ਦੇ ਸਥਾਨ ਦੀ ਵੀਡੀਓਗ੍ਰਾਫੀ ਬਾਰੇ ਕਾਰਵਾਈ ਦੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ। ਇਸ ਆਦੇਸ਼ ਵਿੱਚ ਸਰਕਾਰ ਨੂੰ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਵਿੱਚ ਸੀਸੀਟੀਵੀ ਕੈਮਰੇ ਅਤੇ ਰਿਕਾਰਡਿੰਗ ਉਪਕਰਣ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ।
ਦੂਜੇ ਪਾਸੇ, ਕਲਿਆਣੀ ਨੇ ਇੱਕ ਹੋਰ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਸੀਆਰਪੀਸੀ ਦੀ ਧਾਰਾ 173(8) ਦੇ ਤਹਿਤ ਦਾਇਰ ਕੀਤੀ ਸਪਲੀਮੈਂਟਰੀ ਫਾਈਨਲ ਰਿਪੋਰਟ ਨੂੰ ਸਾਲ 2021 ਵਿੱਚ ਸੀਬੀਆਈ ਦੁਆਰਾ ਦਾਇਰ ਕੀਤੀ ਗਈ ਰਿਪੋਰਟ ਨਾਲ ਜੋੜਿਆ ਜਾਵੇ। ਦਰਅਸਲ ਸਾਲ 2021 ਵਿੱਚ ਸੀਬੀਆਈ ਨੇ ਅਨਟਰੇਸ ਰਿਪੋਰਟ ਦਾਇਰ ਕੀਤੀ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ 30 ਨਵੰਬਰ ਨੂੰ ਆਪਣਾ ਜਵਾਬ ਪੇਸ਼ ਕਰਨਾ ਹੈ। ਇਸ ਦੌਰਾਨ, ਸੀਬੀਆਈ ਨੂੰ ਕਲਿਆਣੀ ਦੀ ਅਰਜ਼ੀ ‘ਤੇ ਆਪਣਾ ਵਿਸਤ੍ਰਿਤ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਸ ਵਿਚ ਸਪਲੀਮੈਂਟਰੀ ਫਾਈਨਲ ਰਿਪੋਰਟ ਵਿਚ ਸਾਰੇ ਵੈਧ ਦਸਤਾਵੇਜ਼ ਸੌਂਪਣ ਦੀ ਮੰਗ ਕੀਤੀ ਗਈ ਸੀ