ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਦੇ ਗੁਰਦੁਆਰੇ ਸਾਹਿਬ ਵਿਖੇ ਐਨਰੋਲਮੈਂਟ ਸਬੰਧੀ ਕੀਤੀ ਗਈ ਅਨਾਊਂਸਮੈਂਟ
ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਦਾਖਲਾ ਮੁਹਿੰਮ ਨੂੰ ਮਿਲਿਆ ਹੁਲਾਰਾ
ਮਾਨਸਾ 28ਮਾਰਚ( ਜੋਗਿੰਦਰ ਸਿੰਘ ਮਾਨ) ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਨ,ਵਧੀਆ ਸਿੱਖਿਆ ਵਿੱਚ ਸਕੂਲ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ । ਸਕੂਲ ਵਿੱਚ ਹੀ ਬੱਚੇ ਦੀ ਸਿੱਖਿਆ ਰੂਪੀ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ । ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਅਜੋਕੇ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਪੈੜਾਂ ਦੀ ਸਿਰਜਣਾ ਕਰ ਰਹੇ ਹਨ । ਬਹੁਤ ਵਧੀਆ ਇਮਾਰਤਾਂ , ਵਧੀਆ ਫਰਨੀਚਰ , ਨਵੀਨ ਸਿੱਖਿਆ ਵਿਧੀਆਂ, ਵਧੀਆ ਅਤੇ ਤਜਰਬੇਕਾਰ ਸਟਾਫ਼ ਬੱਚਿਆਂ ਨੂੰ ਬਹੁਤ ਵਧੀਆ ਅਤੇ ਮਿਆਰੀ ਸਿੱਖਿਆ ਦੇ ਰਹੇ ਹਨ । ਅਧਿਆਪਕਾਂ ਅਤੇ ਉੱਚ ਅਧਿਕਾਰੀਆਂ ਵੱਲੋਂ ਵੱਧ ਤੋਂ ਵੱਧ ਬੱਚਿਆਂ ਤੱਕ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਲਈ ਬਹੁਤ ਵੱਡੇ ਪੱਧਰ ਉੱਪਰ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ । ਜਿਸ ਲਈ ਅਧਿਆਪਕ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਹਨ , ਨੁੱਕੜ ਨਾਟਕ ਖੇਡੇ ਜਾ ਰਹੇ ਹਨ ਅਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ । ਇਸ ਦਾਖਲਾ ਮੁਹਿੰਮ ਨੂੰ ਉਸ ਵੇਲੇ ਹੋਰ ਹੁਲਾਰਾ ਮਿਲਿਆ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਾਰਨ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਐਨਰੋਲਮੈਂਟ ਸਬੰਧੀ ਅਨਾਊਂਸਮੈਂਟ ਕੀਤੀ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ। ਬਹੁਤ ਹੀ ਵਧੀਆ ਢੰਗ ਨਾਲ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ। ਸਿੱਖਿਆ ਸਕੱਤਰ ਹਰ ਸਮੇਂ ਸਿੱਖਿਆ ਵਿਭਾਗ ਦੀ ਸੇਵਾ ਲਈ ਸਮਰਪਿਤ ਰਹਿੰਦੇ ਹਨ ,ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਦਾਖਲਿਆਂ ਸਬੰਧੀ ਗੁਰੂ ਘਰਾਂ ਵਿੱਚ ਅਨਾਊਂਸਮੈਟ ਤੋਂ ਇਲਾਵਾ ਵੱਖ ਵੱਖ ਸਰਗਰਮੀਆਂ ਰਾਹੀਂ ਐਤਵਾਰ ਦਾ ਦਿਨ ਵੀ ਸਕੂਲਾਂ ਦੇ ਲੇਖੇ ਲਾਇਆ । ਦੁਪਹਿਰ ਵੇਲੇ ਉਨ੍ਹਾਂ ਪੰਜਾਬ ਦੇ ਮੀਡੀਆ ਕੋਆਰਡੀਨੇਟਰਾਂ ਨਾਲ ਲੰਬਾ ਸਮਾਂ ਮੀਟਿੰਗਾਂ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੇ ਹਨ ਅਤੇ ਤਰੱਕੀਆਂ ਦੇ ਰਾਹ ਵੱਲ ਵੱਧ ਰਹੇ ਹਨ ।ਸਿੱਖਿਆ ਸਕੱਤਰ ਦੇ ਸ਼ਲਾਘਾਯੋਗ ਉਪਰਾਲਿਆਂ ਦੀ ਹਰ ਇੱਕ ਬਾਸ਼ਿੰਦੇ ਵੱਲੋਂ ਸਰਾਹਣਾ ਕੀਤੀ ਜਾ ਰਹੀ ਹੈ , ਇਸ ਨਾਲ ਅਧਿਆਪਕਾਂ ਦਾ ਮਨੋਬਲ ਵੀ ਵਧਿਆ ਹੈ ਅਤੇ ਉਹ ਵੀ ਸਿੱਖਿਆ ਵਿਭਾਗ ਨੂੰ ਨਵੀਂਆਂ ਉਚਾਈਆਂ ‘ਤੇ ਲੈ ਕੇ ਜਾਣ ਲਈ ਹੋਰ ਸੰਭਵ ਯਤਨ ਕਰਨਗੇ ।