ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਹੈਲਪ ਨੰਬਰ ਜਾਰੀ
ਮਾਨਸਾ 2 ਮਈ( ਵਿਸ਼ਵ ਵਾਰਤਾ)- ਸਿੱਖਿਆ ਵਿਭਾਗ ਨਵੇਂ ਦਾਖਲਿਆਂ ਲਈ ਪੱਬਾਂ ਭਾਰ ਹੋ ਗਿਆ, ਵਿਭਾਗ ਨੇ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜ ਉਚ ਸਿੱਖਿਆ ਅਧਿਕਾਰੀਆਂ ਨੂੰ ਇਸ ਵਿਸ਼ੇਸ਼ ਕਾਰਜ ਲਈ ਲਾਇਆ ਗਿਆ ਹੈ,ਜੋ 24 ਘੰਟੇ ਇਸ ਅਹਿਮ ਕਾਰਜ ਲਈ ਪਾਬੰਧ ਹੋਣਗੇ। ਵਿਭਾਗ ਨੇ ਵਿਸ਼ੇਸ਼ ਤੌਰ ਤੇ ਇਨ੍ਹਾਂ ਅਧਿਕਾਰੀਆਂ ਦੇ ਹੈਲਪ ਲਾਈਨ ਨੰਬਰ ਜਾਰੀ ਕਰਦਿਆਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਕੂਲਾਂ ਦੇ ਦਾਖਲਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਲਈ ਇਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸਿੱਖਿਆ ਵਿਭਾਗ ਵਿਚ ਐਨਰੋਲਮੈਂਟ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ,ਪਰ ਲਾਕਡਾਊਨ ਦੇ ਕਾਰਨ ਆਮ ਪਬਲਿਕ ਨੂੰ ਬੱਚਿਆਂ ਦੇ ਦਾਖਲਿਆਂ ਸਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਦੀ ਸੁਵਿਧਾ ਲਈ ਪੰਜ ਅਧਿਕਾਰੀਆਂ ਦੀ ਇਸ ਕਾਰਜ ਲਈ ਵਿਸ਼ੇਸ਼ ਡਿਊਟੀ ਲਗਾਉਂਦਿਆਂ ਉਨ੍ਹਾਂ ਦੇ ਹੈਲਪ ਨੰਬਰ ਜਾਰੀ ਕੀਤੇ ਗਏ ਹਨ,ਜਿਨ੍ਹਾਂ ਵਿਚ ਸਹਾਇਕ ਡਾਇਰੈਕਟਰ ਗੁਰਜੋਤ ਸਿੰਘ 9815297396 ਸਹਾਇਕ ਡਾਇਰੈਕਟਰ ਕਰਮਜੀਤ ਸਿੰਘ 8146700538 ਸਹਾਇਕ ਡਾਇਰੈਕਟਰ ਕਰਮਜੀਤ ਕੌਰ 9888205947 ਸਹਾਇਕ ਡਾਇਰੈਕਟਰ ਕੁਲਵਿੰਦਰ ਕੌਰ 9872451333 ਅਤੇ ਐਸ ਸੀ ਈ ਆਰ ਟੀ ਦੇ ਲੈਕਚਰਾਰ ਸੰਜੀਵ ਭੂਸ਼ਨ 9501474200 ਸ਼ਾਮਲ ਹਨ।
ਸਿੱਖਿਆ ਸਕੱਤਰ ਨੇ 22 ਜ਼ਿਲ੍ਹਿਆਂ ਦੇ ਸਿੱਖਿਆ ਅਫਸਰਾਂ ਅਤੇ ਨੋਡਲ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਾਖਲਿਆਂ ਸਬੰਧੀ ਕੋਈ ਵੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਅਤੇ ਸਰਲ ਤਰੀਕੇ ਨਾਲ ਉਨਾਂ ਦਾ ਸਕੂਲਾਂ ਵਿਚ ਦਾਖਲਾ ਕਰਵਾਕੇ ਪੜ੍ਹਾਈ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲ੍ਹੋ ਅਧਿਆਪਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਅਧੁਨਿਕ ਸਹੂਲਤਾਂ ਦੇਕੇ ਸਮਾਰਟ ਸਿੱਖਿਆ ਨਾਲ ਜੋੜਿਆ ਗਿਆ ਹੈ, ਜਿਸ ਕਰਕੇ ਮਾਪਿਆਂ ਦਾ ਭਰੋਸਾ ਸਰਕਾਰੀ ਸਕੂਲਾਂ ਨਾਲ ਬੱਝਿਆ ਹੈ, ਵਿਭਾਗ ਵੱਲ੍ਹੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਨਾ ਸਿਰਫ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਭਿਆਨਕ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਸਗੋਂ ਆਨਲਾਈਨ ਪੜ੍ਹਾਈ ਲਈ ਨਾ ਸਿਰਫ ਮੋਬਾਈਲ ਜ਼ਰੀਏ ਸਗੋਂ ਰੇਡੀਓ ਯੂ ਟਿਊਬ ਚੈਨਲਾਂ, ਰੇਡੀਓ, ਟੀ ਵੀ ਤੇ ਅਧਿਆਪਕ ਮਾਹਿਰਾਂ ਦੇ ਦਿਲਚਸਪ ਲੈਕਚਰ ਅਤੇ ਹੋਰ ਦਿਲਖਿਚਵੀਆਂ ਵੀਡੀਓ ਪਾਕੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਿਆ ਹੈ।