ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਮੁਅੱਤਲ
ਚੰਡੀਗੜ੍ਹ, 8ਅਗਸਤ(ਵਿਸ਼ਵ ਵਾਰਤਾ)- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਦਾ ਮਾਹੌਲ ਖਰਾਬ ਕਰਨ ਅਤੇ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਕਾਰਨ ਜ਼ਿਲ੍ਹਾ ਰੋਪੜ ’ਚ ਇਕ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ,ਜ਼ਿਲ੍ਹਾ ਰੋਪੜ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਸਕੂਲ ਦੇ ਬੱਚਿਆਂ ਨੇ ਮੈਨੂੰ ਸ਼ਿਕਾਇਤ ਭੇਜੀ ਸੀ ਕਿ ਸਕੂਲ ਪ੍ਰਿੰਸੀਪਲ ਸਕੂਲ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ ਅਤੇ ਉਹ ਅਕਸਰ ਸ਼ਰਾਬ ਪੀ ਕੇ ਸਕੂਲ ਡਿਊਟੀ ਕਰਨ ਆਉਂਦਾ ਹੈ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਵੱਲੋਂ ਕੀਤੀ ਸ਼ਿਕਾਇਤ ਦੀ ਜ਼ਮੀਨੀ ਹਕੀਕਤ ਜਾਣਨ ਵਾਸਤੇ ਅਚਨਚੇਤ ਸਕੂਲ ਦਾ ਦੌਰਾ ਕੀਤਾ।
ਨਿਰੀਖਣ ਦੌਰਾਨ ਦੇਖਿਆ ਕਿ ਪ੍ਰਿੰਸੀਪਲ ਸਾਹਿਬ ਆਪਣੀ ਡਿਊਟੀ ਗ਼ੈਰ ਜਿੰਮੇਵਾਰੀ ਅਤੇ ਗੈਰ ਸੰਵੇਦਨਸ਼ੀਲਤਾ ਨਾਲ ਨਿਭਾ ਰਹੇ ਹਨ। ਡਿਊਟੀ ਪ੍ਰਤੀ ਅਣਗਹਿਲੀ ਅਤੇ ਸਕੂਲ ਦਾ ਮਾਹੌਲ ਖ਼ਰਾਬ ਕਰਨ ਕਾਰਨ ਪ੍ਰਿੰਸੀਪਲ ਨੂੰ ਮੌਕੇ ‘ਤੇ ਹੀ ਮੁਅੱਤਲ ਕੀਤਾ ਗਿਆ।