50 ਬਿਸਤਰਿਆਂ ਵਾਲੇ ਜੱਚਾ-ਬੱਚਾ ਸੰਭਾਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ
ਐਸ ਏ ਐਸ ਨਗਰ / ਖਰੜ, 7 ਜੂਨ( ਵਿਸ਼ਵ ਵਾਰਤਾ)-ਮਿਸ਼ਨ ਫਤਿਹ ਦੇ ਉਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਢੁੱਕਵੀਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਹਸਪਤਾਲ ਖਰੜ ਦੇ ਕੰਪਲੈਕਸ ਵਿਚ ਇਕ ਜੱਚਾ-ਬੱਚਾ ਸੰਭਾਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੰਤਰੀ ਨੇ ਕਿਹਾ ਕਿ ਇਹ ਇੱਕ 50 ਬਿਸਤਰਿਆਂ ਵਾਲਾ ਹਸਪਤਾਲ ਹੋਵੇਗਾ ਅਤੇ ਜਿਸ ਦੀ ਲਾਗਤ 10 ਕਰੋੜ ਰੁਪਏ ਹੋਵੇਗੀ।
ਉਹਨਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਉਪਕਰਣ ਅਤੇ ਰਜਿਸਟ੍ਰੇਸ਼ਨ, 4 ਓਪੀਡੀਜ਼, ਪਰਿਵਾਰ ਨਿਯੋਜਨ ਕਮਰਾ, ਡਾਇਗਨੋਸਟਿਕ ਵਿਭਾਗ ਜਿਵੇਂ ਕਿ ਅਲਟਰਾਸਾਊਂਡ, ਈਸੀਜੀ, ਟੀਕਾਕਰਨ, ਡਰੈਸਿੰਗ / ਇੰਜੈਕਸ਼ਨ ਰੂਮ ਅਤੇ ਗਰਾਊਂਡ ਫਲੋਰ ਤੇ ਫਾਰਮੇਸੀ ਹੋਵੇਗੀ, ਜਦੋਂ ਕਿ ਪਹਿਲੀ ਮੰਜ਼ਲ ‘ਤੇ 2 ਆਪ੍ਰੇਸ਼ਨ ਥੀਏਟਰ, 2 ਡਿਲਿਵਰੀ ਰੂਮ, ਨਰਸਰੀ, ਪ੍ਰੀ ਡਿਲੀਵਰੀ, ਰਿਕਵਰੀ ਵਾਰਡ, ਡਾਕਟਰ ਕਮਰਾ, ਨਰਸ ਰੂਮ, ਚੇਂਜਿੰਗ ਰੂਮ ਅਤੇ ਆਸ਼ਾ ਕਮਰਾ ਹੋਣਗੇ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਲਈ ਐਸ ਐਨ ਸੀ ਯੂ ਏਰੀਆ, 28 ਬੈੱਡਾਂ ਵਾਲਾ ਵਾਰਡ, ਨਰਸਿੰਗ ਸਟੇਸ਼ਨ, ਬੇਬੀ ਫੀਡ ਏਰੀਆ, 2 ਨਿਜੀ ਕਮਰੇ, ਲਿਫਟ ਨੰਬਰ 2, ਹਰ ਮੰਜ਼ਲ ‘ਤੇ ਵਾਸ਼ਰੂਮ, ਪੌੜੀਆਂ ਅਤੇ ਸਬ ਸਟੇਸ਼ਨ ਦੂਜੀ ਮੰਜ਼ਲ ‘ਤੇ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਐਸ.ਡੀ.ਐਚ. ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ), ਸਮਾਣਾ, ਰਾਜਪੁਰਾ (ਪਟਿਆਲਾ), ਖੰਨਾ (ਲੁਧਿਆਣਾ), ਨਕੋਦਰ (ਜਲੰਧਰ) ਅਤੇ ਪਠਾਨਕੋਟ ਵਿਖੇ ਨਵੇਂ ਬਣੇ 30 ਬਿਸਤਰਿਆਂ ਵਾਲੇ ਐਮਸੀਐਚ ਹਸਪਤਾਲ ਅਗਲੇ ਮਹੀਨੇ ਤੱਕ ਮੁਕੰਮਲ ਤੌਰ ‘ਤੇ ਚਾਲੂ ਕਰ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਸਿਹਤ ਸੰਬੰਧੀ ਸਾਵਧਾਨੀਆਂ ਅਪਨਾਉਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਸ.ਡੀ.ਐਮ ਹਿਮਾਂਸ਼ੂ ਜੈਨ ਸਿਵਲ ਸਰਜਨ ਐਸ.ਏ.ਐਸ.ਨਗਰ ਡਾ. ਮਨਜੀਤ ਸਿੰਘ, ਐਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ ਅਤੇ ਯਾਦਵਿੰਦਰ ਸਿੰਘ ਕੰਗ (ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੇ ਪੁੱਤਰ) ਵੀ ਮੌਜੂਦ ਸਨ।