ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੱਗਿਆ ਵੱਡਾ ਝਟਕਾ
ਸੁਪਰੀਮ ਕੋਰਟ ਨੇ ਬਲੈਂਕੇਟ ਬੇਲ ਦੇਣ ਤੇ ਪ੍ਰਗਟਾਈ ਹੈਰਾਨੀ
ਫੈਸਲੇ ਤੇ ਹਾਈਕੋਰਟ ਕਰੇਗਾ ਦੁਬਾਰਾ ਸੁਣਵਾਈ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ)-ਭਾਰਤ ਦੇ ਚੀਫ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਉਸ ਵਿਰੁੱਧ ਲੰਬਿਤ ਜਾਂ ਭਵਿੱਖ ਵਿੱਚ ਦਰਜ ਕੀਤੇ ਜਾਣ ਵਾਲੇ ਕੇਸਾਂ ਵਿੱਚ ਗ੍ਰਿਫਤਾਰੀ ਤੋਂ ਸੁਰੱਖਿਆ ਦੇਣ ਦੇ ਦਿੱਤੇ ਹੁਕਮਾਂ ‘ਤੇ ਹੈਰਾਨੀ ਪ੍ਰਗਟਾਈ ਹੈ।
ਅਦਾਲਤ ਨੇ ਕਿਹਾ, “ਇਹ ਬੇਮਿਸਾਲ ਹੁਕਮ ਹੈ। ਭਵਿੱਖ ਦੀ ਕਾਰਵਾਈ ‘ਤੇ ਕਿਵੇਂ ਰੋਕ ਲਗਾਈ ਜਾ ਸਕਦੀ ਹੈ?
ਅਦਾਲਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਹਾਈ ਕੋਰਟ(ਪੰਜਾਬ ਅਤੇ ਹਰਿਆਣਾ) ਦੇ ਚੀਫ਼ ਜਸਟਿਸ ਨੂੰ ਬੇਨਤੀ ਕਰੇਗੀ ਕਿ ਇਹ ਮਾਮਲਾ ਕਿਸੇ ਹੋਰ ਜੱਜ ਨੂੰ ਸੌਂਪਿਆ ਜਾਵੇ ਨਾ ਕਿ ਅੰਤਰਿਮ ਹੁਕਮ ਦੇਣ ਵਾਲੇ ਨੂੰ ।ਇਸ ਦੇ ਨਾਲ ਹੀ ਚੀਫ ਜਸਟਿਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੰਬਿਤ (SLP) ਰੱਖਾਂਗੇ ਅਤੇ ਨਾਲ ਹੀ ਅਸੀਂ ਚੀਫ ਜਸਟਿਸ ਨੂੰ ਬੇਨਤੀ ਕਰਾਂਗੇ ਕਿ ਉਹ ਖੁਦ ਜਾਂ ਕਿਸੇ ਹੋਰ ਜੱਜ ਦੁਆਰਾ 2 ਹਫਤਿਆਂ ਦੇ ਅੰਦਰ ਇਸ ਦਾ ਨਿਪਟਾਰਾ ਖੁਦ ਜਾਂ ਕਿਸੇ ਹੋਰ ਜੱਜ ਦੁਆਰਾ ਕਰਵਾਉਣ।
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦੇ ਸਿੰਗਲ-ਜੱਜ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਵੀਰਵਾਰ ਨੂੰ ਹੁਕਮ ਦਿੱਤਾ ਸੀ ਕਿ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਤੋਂ ਇਲਾਵਾ ਸੈਣੀ ਨੂੰ 20 ਅਪ੍ਰੈਲ ਤੱਕ ਉਸ ਦੇ ਖਿਲਾਫ ਲੰਬਿਤ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਨਾ ਕੀਤਾ ਜਾਵੇ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।
ਮੁਲਤਾਨੀ ਕਤਲ ਤੋਂ ਇਲਾਵਾ, ਸੈਣੀ ਨੂੰ ਆਟੋਮੋਬਾਈਲ ਕਾਰੋਬਾਰੀ ਵਿਨੋਦ ਕੁਮਾਰ, ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਦੇ ਕਥਿਤ ਅਗਵਾ ਲਈ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।