ਚੰਡੀਗੜ, 28 ਨਵੰਬਰ (ਵਿਸ਼ਵ ਵਾਰਤਾ) : ਸਥਾਨਕ ਸਰਕਾਰੀ ਮਿਊਜੀਅਮ ਅਤੇ ਆਰਟ ਗੈਲਰੀ ਦੇ ਆਡੀਟੋਰੀਅਮ ਵਿੱਚ ਅੱਜ ਵੱਡੀ ਗਿਣਤੀ ਵਿਚ ਜੰਗੀ ਯੋਧੇ ਅਤੇ ਸਾਬਕਾ ਫੌਜੀ ਮਿਲਟਰੀ ਲਿਟਰੇਚਰ ਫੈਸਟੀਵਲ ਸਬੰਧੀ ਕਰਵਾਏ ਜਾ ਰਹੇ ਦੋ-ਦਿਨਾ ਮਿਲਟਰੀ ਪਾਰਲੇ (ਫੌਜੀ- ਵਿਚਾਰ ਚਰਚਾ) ਲਈ ਇਕੱਤਰ ਹੋਏ।
ਉਦਘਾਟਨੀ ਭਾਸ਼ਨ ਦੌਰਾਨ, ਲੈਫਟੀਨੈਂਟ ਜਨਰਲ (ਰਿਟਾ.) ਭੁਪਿੰਦਰ ਸਿੰਘ, ਸਾਬਕਾ ਗਵਰਨਰ ਅੰਡੇਮਾਨ ਅਤੇ ਨਿਕੋਬਾਰ ਅਤੇ ਪਾਂਡੇਚੇਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਪੰਜਾਬ ਸਰਕਾਰ ਦਾ ਇਕ ਸ਼ਾਨਮੱਤਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸਨੂੰ ਹਰ ਸਾਲ ਕਰਵਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਫੈਸਟੀਵਲ ਦਾ ਮੁੱਖ ਟੀਚਾ ਫੌਜ ਦੇ ਸੱਭਿਆਚਾਰ ਅਤੇ ਸੁਭਾਅ ਬਾਰੇ ਜਾਗਰੂਕਤਾ ਲਿਆਉਣਾ ਹੈ।
ਉਨ•ਾਂ ਕਿਹਾ ਕਿ ਆਪਦੇ ਫੌਜੀ ਜੀਵਨ ਦੌਰਾਨ ਮੈਂ ਲੋਕਾਂ ਵਿੱਚ ਫੌਜ ਪ੍ਰਤੀ ਅਥਾਹ ਸਤਿਕਾਰ ਮਹਿਸੂਸ ਕੀਤਾ ਅਤੇ ਦੇਖਿਆ ਹੈ, ਜਿਸਦਾ ਸਭ ਤੋਂ ਵੱਡਾ ਸਬੂਤ 1965 ਦੇ ਜੰਗ ਵਿੱਚ ਕਿਸਾਨਾਂ ਵੱਲੋਂ ਫੌਜ ਦੀ ਕੀਤੀ ਗਈ ਮਦਦ ਹੈ। ਉਨ•ਾਂ ਕਿਹਾ ਕਿ ਫੌਜ ਨਾ ਕੇਵਲ ਆਪਣੀ ਮੁੱਢਲੀ ਡਿਊਟੀ ਹੀ ਨਿਭਾਉਂਦੀ ਹੈ ਸਗੋਂ ਕਿ, ਜਦੋਂ ਵੀ ਸਮਾਜ ਨੂੰ ਜ਼ਰੂਰਤ ਪੈਂਦੀ ਹੈ ਤਾਂ ਵੀ ਮੱਦਦ ਲਈ ਸਭ ਤੋਂ ਪਹਿਲਾਂ ਫੌਜ ਬਹੁੜਦੀ ਹੈ।
ਸੇਵਾਮੁਕਤ ਲੈਫਟੀਨੈਂਟ ਜਨਰਲ ਵੀ. ਕੇ. ਧੀਰ ਨੇ ਇਸ ਮੌਕੇ ਕਿਹਾ ਕਿ ਬਦਲਦੇ ਸਮੇਂ ਨਾਲ ਫੌਜ ਵਿੱਚ ਹੀ ਤਕਨੀਕੀ ਬਦਲੀਆਂ ਹੋ ਰਹੀਆਂ ਹਨ, ਪ੍ਰੰਤੂ ਅਜੇ ਵੀ ਹੋਰ ਬੇਹਤਰ ਤਕਨੀਕ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਅਤਿ-ਆਧੁਨਿਕ ਉਪਕਰਨਾਂ ਨੂੰ ਚਲਾ ਰਹੇ ਵਿਅਕਤੀ ਨੂੰ ਨਵੀਨ ਤਕਨੀਕਾਂ ਤੋਂ ਜਾਣੂ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਿੱਚ ਸਭ ਤੋਂ ਵੱਡੀ ਲੋੜ ਮਿਲਟਰੀ ਇੰਡਸਟਰੀਅਲ ਕੰਪਲੈਕਸ ਦੀ ਸਥਾਪਨਾ ਦੀ ਹੈ ਤਾਂ ਜੋ ਵਿਦੇਸ਼ੀ ਮੁਲਕਾਂ ਤੋਂ ਹਥਿਆਰਾਂ ਦੀ ਬਰਾਮਦਗੀ ਨੂੰ ਘਟਾਇਆ ਜਾ ਸਕੇ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਫੌਜ ਕੋਲ ਹੋਰ ਜ਼ਿਆਦਾ ਸਾਧਨ ਹੋਣ।
ਇਸ ਮੌਕੇ ਬੋਲਦਿਆਂ ਬ੍ਰਿਗੇਡੀਅਰ ਆਰ. ਜੇ. ਐਸ. ਢਿੱਲੋਂ ਨੇ ਅਪਰੇਸ਼ਨ ਕੈਕਟਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਭਾਰਤੀ ਫੌਜ ਨੇ ਮਾਲਦੀਵ ਨੂੰ ਤਖਤਾ ਪਲਟ ਤੋਂ ਬਚਾਇਆ ਅਤੇ ਇਸ ਅਪਰੇਸ਼ਨ ਨੇ ਭਾਰਤੀ ਫੌਜ ਨੂੰ ਬਹੁਤ ਘੱਟ ਸਮੇਂ ਵਿੱਚ ਕੋਈ ਮੁਹਿੰਮ ਸ਼ੁਰੂ ਕਰਨ ਦਾ ਆਤਮ-ਵਿਸ਼ਵਾਸ ਦਿੱਤਾ। ਉਨਾਂ ਇਸ ਅਪਰੇਸ਼ਨ ਨੂੰ ਫੌਜੀ ਅਤੇ ਸਿਆਸੀ ਲੀਡਰਸ਼ਿਪ ਦਾ ਉੱਤਮ ਤਾਲਮੇਲ ਕਰਾਰ ਦਿੱਤਾ। ਕਰਨਲ ਜੇ. ਐਸ. ਬਿੰਦਰਾ ਨੇ 1965 ਦੀ ਜੰਗ ਤੋਂ ਪਹਿਲਾਂ ਮੇਜਰ ਰਣਜੀਤ ਸਿੰਘ ਦਿਆਲ ਦੀ ਅਗਵਾਈ ਵਿੱਚ 1 ਪੈਰਾ ਵੱਲੋਂ ਹਾਜੀਪੀਰ ਦੱਰ•ੇ ਤੇ ਕਬਜ਼ਾ ਦੀ ਕਾਰਵਾਈ ਤੇ ਚਾਨਣਾ ਪਾਇਆ।
ਕਾਰਗਿਲ ਦੇ ਯੁੱਧ ਤੋਂ ਮਿਲੇ ਸਬਕ ਉੱਤੇ ਚਾਨਣਾ ਪਾਉਂਦਿਆਂ ਬ੍ਰਿਗੇਡੀਅਰ ਐਮ. ਪੀ. ਐਸ. ਬਾਜਵਾ ਨੇ ਖੁਫੀਆ ਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਮੌਜੂਦਾ ਸਾਧਨਾਂ ਦੀ ਵਰਤੋਂ ਨੂੰ ਸਹੀ ਤਰੀਕੇ ਨਾਲ ਕਰਨ ਉੱਤੇ ਜ਼ੋਰ ਦਿੱਤਾ। ਬ੍ਰਿਗੇਡੀਅਰ ਕਿਰਨ ਕ੍ਰਿਸ਼ਨ ਨੇ ਆਪਣੇ ਭਾਸ਼ਣ ਦੌਰਾਨ ਫੌਜੀ ਜੀਵਨ ਦੇ ਅੰਗ-ਸੰਗ ਚੱਲਣ ਵਾਲੇ ਹਾਸੇ-ਠੱਠੇ ਉੱਤੇ ਚਾਨਣਾ ਪਾਉਂਦਿਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਅਤੇ ਉਹਨਾਂ ਦੇ ਸਾਥੀ ਇੱਕ ਦੂਜੇ ਨਾਲ ਹਾਸਾ ਮਜਾਕ ਕਰਦੇ ਸਨ।
1971 ਦੀ ਜੰਗ ਦੌਰਾਨ ਭਾਰਤੀ ਹਵਾਈ ਫੌਜ ਦੀ ਭੂਮਿਕਾ ਬਾਰੇ ਬੋਲਦਿਆਂ ਸਕੁਐਡਰਨ ਲੀਡਰ ਡੀ. ਪੀ. ਐਸ. ਗਿੱਲ ਨੇ ਇਸ ਜੰਗ ਦੌਰਾਨ ਬੰਬਾਰੀ ਕਾਰਵਾਈਆਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਦੌਰਾਨ ਬੰਬਾਰ ਜਹਾਜਾਂ ਦੇ ਪਾਇਲਟਾਂ ਨੂੰ ਕਿਸ ਤਰਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਰਨਲ ਐਮ ਐਸ ਦਹੀਆ ਐਸਸੀ ਨੇ 1984-85 ਦੌਰਾਨ ਹੋਏ ਸਿਆਚਿਨ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਬੇਹੱਦ ਨਾਗਵਾਰ ਮੌਸਮ ਦਾ ਸਾਹਮਣਾ ਕਰਦਿਆਂ ਇਸ ਆਪਰੇਸ਼ਨ ਨੂੰ ਸਿਰੇ ਚਾੜਿ•ਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ. ਐਸ. ਸ਼ੇਰਗਿੱਲ ਵੀ ਮੌਜੂਦ ਸਨ।