ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਸੁਖਪਾਲ ਨੰਨੂ ਵਿਰੁੱਧ ਐਫਆਈਆਰ ਦਰਜ
ਚੰਡੀਗੜ੍ਹ, 5 ਮਾਰਚ(ਵਿਸ਼ਵ ਵਾਰਤਾ):- ਫਿਰੋਜ਼ਪੁਰ ਦੇ ਥਾਣਾ ਸਦਰ ਵਿਖੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਸਮੇਤ 7 ਵਿਅਕਤੀਆਂ ਵਿਰੁੱਧ ਖਿਲਾਫ ਧਾਰਾ 323 ਅਤੇ 506 ਤਹਿਤ ਕੁੱਟਮਾਰ ਅਤੇ ਧਮਕੀਆਂ ਦੇਣ ਦਾ ਪਰਚਾ ਦਰਜ ਹੋਇਆ ਹੈ।ਮਾਮਲਾ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਦਾ ਹੈ ਜਿਥੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਸਰਹੱਦੀ ਪਿੰਡ ਜੱਲੋ ਕੇ ਦੇ ਵਾਸੀ ਨੌਜਵਾਨ ਸੁਰਜੀਤ ਸਿੰਘ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਨੰਨੂ ਤੋਂ ਇਲਾਵਾ ਹੋਰ ਵਿਅਕਤੀਆਂ ਖਿਲਾਫ ਕੁੱਟਮਾਰ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ।
ਦੱਸ ਦੇਈਏ ਕਿ ਵੋਟਾਂ ਵਾਲੇ ਦਿਨ ਨੌਜਵਾਨ ਸੁਰਜੀਤ ਸਿੰਘ ਜ਼ਖਮੀ ਹਾਲਤ ਵਿਚ ਮੀਡੀਆ ਸਾਹਮਣੇ ਆਇਆ ਸੀ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵੋਟਾਂ ਵਾਲੇ ਦਿਨ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਨੌਜਵਾਨ ਸੁਰਜੀਤ ਸਿੰਘ ਦੀ ਹੋਈ ਕੁੱਟਮਾਰ ਨੂੰ ਲੈਕੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਰਹੱਦੀ ਪਿੰਡਾਂ ਵਿਚ ਕਰੀਬ ਸਾਢੇ ਪੰਜ ਘੰਟੇ ਕਾਫਲਾ ਰੋਕੀ ਰੱਖਿਆ ਸੀ।
ਨੌਜਵਾਨ ਸੁਰਜੀਤ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਨੰਨੂ ਖਿਲਾਫ ਪਰਚਾ ਦਰਜ ਕੀਤਾ ਹੈ।