ਸ਼੍ਰੋਮਣੀ ਕਮੇਟੀ ਵੱਲੋਂ ਫਰਾਂਸੀਸੀ ਰਾਸ਼ਟਰਪਤੀ ਨੂੰ ਫਰਾਂਸ ‘ਚ ਵੱਸਦੇ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਅਪੀਲ

197
Advertisement


ਅੰਮ੍ਰਿਤਸਰ, 10 ਮਾਰਚ (ਵਿਸ਼ਵ ਵਾਰਤਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ ਫੇਰੀ ਮੌਕੇ ਫਰਾਂਸ ਵਿਚ ਰਹਿੰਦੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਵਿਚ ੨੦੦੪ ‘ਚ ਦਸਤਾਰ ਸਬੰਧੀ ਪਾਬੰਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਫਰਾਂਸ ਸਰਕਾਰ ਵੱਲੋਂ ਅਜੇ ਤਕ ਇਹ ਮਸਲਾ ਜਿਉਂ ਦਾ ਤਿਉਂ ਲਟਕਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਦਸਤਾਰ ‘ਤੇ ਪਾਬੰਦੀ ਲੱਗਣ ਉਪਰੰਤ ਫਰਾਂਸ ਦੇ ਸਾਰੇ ਸਰਕਾਰੀ ਦਸਤਾਵੇਜ਼ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਹੈਲਥ ਕਾਰਡ, ਬੱਸ ਪਾਸ ਤੇ ਸਕੂਲ ਪਹਿਚਾਣ ਪੱਤਰ ਆਦਿ ਉਪਰ ਬਿਨਾਂ ਦਸਤਾਰ ਵਾਲੀ ਫੋਟੋ ਲਗਾਉਣੀ ਜ਼ਰੂਰੀ ਕੀਤੀ ਗਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਕਰਕੇ ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਕਲਗੀਧਰ ਦਸਮੇਸ਼ ਪਿਤਾ ਵੱਲੋਂ ਸਿੱਖ ਨੂੰ ਬਖਸ਼ਿਆ ਗਿਆ ਤਾਜ ਹੈ ਤੇ ਦਸਤਾਰ ਨਾਲ ਹੀ ਸਿੱਖ ਦੀ ਵਿਲੱਖਣ ਪਹਿਚਾਣ ਹੈ। ਪਰ ਫਰਾਂਸ ਦੀ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਨੌਕਰੀ ਹਾਸਲ ਕਰਨ ਲਈ ਦਸਤਾਰ ਉਤਾਰਨੀ ਜ਼ਰੂਰੀ ਕੀਤੀ ਗਈ ਹੈ ਜੋ ਠੀਕ ਨਹੀਂ ਹੈ। ਇਥੋਂ ਤਕ ਕਿ ਸਕੂਲ ਵਿਚ ਪਡ਼੍ਹਦੇ ਸਿੱਖ ਬੱਚਿਆਂ ਦੇ ਪਟਕਾ ਬੰਨ੍ਹਣ ‘ਤੇ ਵੀ ਮਨਾਹੀ ਹੈ। ਯਾਦ ਰਹੇ ਕਿ ਪਹਿਲੀ ਸੰਸਾਰ ਜੰਗ ਵਿਚ ਸਿੱਖਾਂ ਨੇ ਫਰਾਂਸ ਵੱਲੋਂ ਸਿੱਖੀ ਸਰੂਪ ਵਿਚ ਹੀ ਜੰਗ ਲਡ਼ੀ ਸੀ ਪਰ ਫਰਾਂਸ ਸਰਕਾਰ ਦਾ ਇਹ ਵਤੀਰਾ ਸਿੱਖਾਂ ਵਿਚ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਵੀ ਫਰਾਂਸ ਵਿਚ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦਾ ਕੋਈ ਠੋਸ ਹੱਲ ਕੱਢਣ ਲਈ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ ਫੇਰੀ ਦੌਰਾਨ ਗੱਲਬਾਤ ਲਈ ਫੌਰੀ ਹੱਲ ਕੱਢਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਵਲ ਦਸਤਾਰ ਹੀ ਨਹੀਂ ਬਲਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਪੰਜ ਕੱਕਾਰ ਵੀ ਸਿੱਖ ਨੂੰ ਪਹਿਨਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

Advertisement

LEAVE A REPLY

Please enter your comment!
Please enter your name here