ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਸਖ਼ਤ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਸ਼ੋਰ ਪ੍ਰਦੂਸ਼ਣ ਨਿਗਰਾਨ ਟੀਮਾਂ ਨੂੰ ਸਖ਼ਤੀ ਵਰਤਣ ਦੇ ਆਦੇਸ਼
ਐਸ.ਏ.ਐਸ.ਨਗਰ, 12 ਦਸੰਬਰ(ਸਤੀਸ਼ ਕੁਮਾਰ ਪੱਪੀ) ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸ਼ੋਰ ਪ੍ਰਦੂਸ਼ਣ ਨਿਗਰਾਨ ਟੀਮਾਂ ਨੂੰ ਕਿਹਾ ਹੈ ਕਿ ਉਹ ਜ਼ਿਲ੍ਹੇ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਧੁਨੀ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤਣ ਅਤੇ ਵਾਤਾਵਰਣ ਮੁਆਵਜ਼ਾ ਵਸੂਲਣ ਤੋਂ ਇਲਾਵਾ ਉਪਕਰਨ ਜ਼ਬਤ ਕਰਨ।
ਉਨ੍ਹਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਬਾਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000 ਦੀ ਉਲੰਘਣਾ ਕਰਨ ਵਾਲੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਡਿਪਟੀ ਕਮਿਸ਼ਨਰ ਨੇ ਸ਼ੋਰ ਪ੍ਰਦੂਸ਼ਣ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਨਤਕ ਥਾਵਾਂ ‘ਤੇ ਸ਼ੋਰ ਦਾ ਪੱਧਰ ਨਿਰਧਾਰਿਤ ਨੇਮਾਂ ਚ ਰੱਖਣ ਲਈ ਉਪ ਮੰਡਲ ਕਮੇਟੀਆਂ ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।
ਸ਼ੋਰ ਨਿਯਮਾਂ ਦੀ ਉਲੰਘਣਾ ਦੇ ਦੰਡ ਅਨੁਸਾਰ, ਲਾਊਡ ਸਪੀਕਰਾਂ ਦੀ ਵਰਤੋਂ ਦੇ ਮਾਮਲੇ ਵਿੱਚ ਸਰੋਤ ਉਪਕਰਣ ਨੂੰ ਜ਼ਬਤ ਕਰਨ ਤੋਂ ਇਲਾਵਾ 10,000 ਰੁਪਏ ਦਾ ਈ.ਸੀ. (ਵਾਤਾਵਰਣ ਮੁਆਵਜ਼ਾ) ਭਰਨਾ ਪਵੇਗਾ। ਇਸੇ ਤਰ੍ਹਾਂ, ਜੇਨਰੇਟਰ ਸੈੱਟਾਂ ਦੇ ਸਬੰਧ ਵਿੱਚ ਉਲੰਘਣਾ ਕਰਨ ਨਾਲ ਉਪਭੋਗਤਾ ਨੂੰ 1000 ਕੇ ਵੀ ਏ ਤੋਂ ਵੱਧ ਸਮਰੱਥਾ ਦੇ ਮਾਮਲੇ ਵਿੱਚ 1 ਲੱਖ ਰੁਪਏ, 62.5 ਤੋਂ 1000 ਕੇ ਵੀ ਏ ਤੱਕ ਲਈ 25000 ਰੁਪਏ ਅਤੇ 62.5 ਕੇ ਵੀ ਏ ਲਈ 10000 ਰੁਪਏ ਦਾ ਵਾਤਾਵਰਣ ਮੁਆਵਜ਼ਾ ਵਸੂਲੇ ਜਾਣ ਤੋਂ ਇਲਾਵਾ ਜੈਨਰੇਟਰ ਸੈੱਟਾਂ ਨੂੰ ਸੀਲ ਕਰਨ ਦੀ ਵਿਵਸਥਾ ਹੈ। ਇਸ ਤੋਂ ਇਲਾਵਾ, ਆਵਾਜ਼ ਕੱਢਣ ਵਾਲੇ ਨਿਰਮਾਣ ਉਪਕਰਣਾਂ ਦੀ ਨਿਯਮਿਤ ਧੁਨੀ ਤੋਂ ਉੱਪਰ ਵਰਤੋਂ ਦੀ ਉਲੰਘਣਾ ਕਰਨ ‘ਤੇ ਉਪਕਰਣਾਂ ਨੂੰ ਜ਼ਬਤ/ਸੀਲ ਕਰਨ ਤੋਂ ਇਲਾਵਾ ਵਾਤਾਵਰਣ ਮੁਆਵਜ਼ੇ ਵਜੋਂ 50000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਮੋਹਾਲੀ ਨੂੰ ‘ਹੋਂਕਿੰਗ ਫ੍ਰੀ ਜ਼ੋਨ’ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਅਤੇ ਜ਼ਿਲ੍ਹਾ ਪੁਲਿਸ ਨੂੰ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕਰਨ ਦੇ ਨਾਲ-ਨਾਲ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸਾਈਲੈਂਸ ਜ਼ੋਨ (ਸਕੂਲ, ਹਸਪਤਾਲ ਅਤੇ ਜੁਡੀਸ਼ੀਅਲ ਕੰਪਲੈਕਸ ਆਦਿ) ਵਿੱਚ ‘ਨੋ ਹਾਰਨ’ ਨਿਯਮ ਦੀ ਉਲੰਘਣਾ ਕਰਦਾ ਹੈ, ਉਸ ਨਾਲ ਵੀ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਪੀਕਰਾਂ ਦੀ ਅਵਾਜ਼ ਸਥਾਨ ਦੇ ਅਹਾਤੇ ਤੱਕ ਸੀਮਤ ਰੱਖਣ ਅਤੇ ਕਿਸੇ ਵੀ ਹਾਲਤ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪੀਕਰਾਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ।
ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਕਮੇਟੀਆਂ ਅਤੇ ਥਾਣਾ ਪੱਧਰ ਦੀਆਂ ਟੀਮਾਂ ਨੂੰ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਦੂਸ਼ਣ ਦਾ ਕਰਨ ਬਣਦਾ ਸਾਮਾਨ ਤੁਰੰਤ ਜ਼ਬਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ, ਮੈਰਿਜ ਪੈਲੇਸ ਮਾਲਕਾਂ ਅਤੇ ਜਨਤਕ ਇਕੱਠਾਂ/ਸੱਭਿਆਚਾਰਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੋਰ ਪ੍ਰਦੂਸ਼ਣ ਦੇ ਖਤਰੇ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਸ਼ੋਰ ਪੱਧਰ ਦੀ ਨਿਰਧਾਰਿਤ ਸੀਮਾ ਅਨੁਸਾਰ ਹੀ ਅਵਾਜ਼ ਦਾ ਪੱਧਰ ਰੱਖਣ।
ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਏ ਸੀ ਏ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਐਸ ਪੀ (ਸਿਟੀ-1) ਅਕਾਸ਼ਦੀਪ ਸਿੰਘ ਔਲਖ, ਮਨਪ੍ਰੀਤ ਸਿੰਘ ਐਸ ਪੀ (ਦਿਹਾਤੀ), ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਮੁੱਖ ਮੰਤਰੀ ਦੇ ਫੀਲਡ ਅਫਸਰ ਇੰਦਰ ਪਾਲ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਅਤੇ ਵਾਤਾਵਰਣ ਇੰਜੀਨੀਅਰ ਪੀ.ਪੀ.ਸੀ.ਬੀ ਗੁਰਸ਼ਰਨ ਦਾਸ ਤੋਂ ਇਲਾਵਾ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਮੌਜੂਦ ਸਨ।