ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਸਮਾਜਿਕ ਕੁਰੀਤੀਆਂ ਤੇ ਹੋਰ ਵਹਿਬਤਾਂ ਬਾਰੇ ਰਕਬਾ ਵਿਖੇ ਵਿਚਾਰ ਗੋਸ਼ਟੀ
ਲੁਧਿਆਣਾ,1ਅਗਸਤ(ਵਿਸ਼ਵ ਵਾਰਤਾ)- ਲੁਧਿਆਣਾ ਜ਼ਿਲੇ ਦੇ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਅੰਤਰਾਸ਼ਟਰੀ ਫਾਊਂਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਔਰਤਾਂ ਦੀ ਸਮਾਜਿਕ ਸਥਿਤੀ ਤੇ ਭਰੂਣ ਹੱਤਿਆ,ਸਾਡਾ ਰਿਸ਼ਤਾ ਨਾਤਾ ਪ੍ਰਬੰਧ, ਵਾਤਾਵਰਨ ਅਤੇ ਟ੍ਰੈਫਿਕ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਮੁੱਖ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕੀਤੀ।
ਉਨ੍ਹਾਂ ਆਪਣੇ ਸੰਬੋਧਨ ਚ ਕਿਹਾ ਕਿ ਸਭ ਸਮੱਸਿਆਵਾਂ ਦੀ ਜੜ੍ਹ ਇਹੀ ਹੈ ਕਿ ਅਸੀਂ ਪੈਸੇ ਦੇ ਪੁੱਤ ਬਣ ਕੇ ਇਨਸਾਨੀ ਕਦਰਾਂ ਕੀਮਤਾਂ ਵਿਸਾਰ ਬੰਦੇ ਦੇ ਪੁੱਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਮਨੀਪੁਰ ਚ ਵਾਪਰੀਆਂ ਕਲੰਕਿਤ ਘਟਨਾਵਾਂ ਸਾਨੂੰ ਸੁਆਲ ਕਰਦੀਆਂ ਹਨ ਕਿ ਮਹਾਂਭਾਰਤ ਯੁਗ ਵਿੱਚ ਤਾਂ ਸਿਰਫ਼ ਦਰੋਪਦੀ ਦਾਨਚੀਰਹਰਣ ਹੋਇਆ ਸੀ ਪਰ ਅੱਜ ਧੀਆਂ ਨੂੰ ਨਿਰਵਸਤਰ ਕਰਕੇ ਜਾਨੋਂ ਮਾਰਿਆ ਜਾ ਰਿਹਾ ਹੈ। ਸੰਵੇਦਨਾ ਮਰ ਰਹੀ ਹੈ ਤੇ ਅਸੀਂ ਮੋਈ ਮਨੁੱਖਤਾ ਦੀ ਲਾਸ਼ ਢੋ ਰਹੇ ਹਾਂ।
ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਮਾਜਿਕ ਨਾਬਰਾਬਰੀ ਦੂਰ ਕਰਨ ਲਈ ਸਮਾਜਿਕ ਜਥੇਬੰਦੀਆਂ ਨੂੰ ਇਹੋ ਜਹੀਆਂ ਸਰਗਰਮੀਆਂ ਕਰਨ ਦੀ ਲੋੜ ਹੈ ਤਾਂ ਜੋ ਜਨ ਚੇਤਨਾ ਰਾਹੀਂ ਸਮੇਂ ਦੀਆਂ ਹਕੂਮਤਾਂ ਨੂੰ ਹਲੂਣਿਆ ਜਾ ਸਕੇ।
ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਜਾਗ੍ਰਤੀ ਲਈ ਹਰ ਵਰਗ ਦੇ ਲੋਕਾਂ ਦਾ ਜਾਗਣਾ ਬੜਾ ਜ਼ਰੂਰੀ ਹੈ। ਮਰਦਾਂ ਦੇ ਬਰਾਬਰ ਔਰਤਾਂ ਨੂੰ ਵੀ ਕਮਰਕੱਸਾ ਕਰਕੇ ਪਿੰਡ ਪਿੰਡ, ਘਰ ਘਰ ਇਹ ਸੁਨੇਹਾ ਪਹੁੰਚਾਉਣਾ ਪਵੇਗਾ ਕਿ ਕੁਰੀਤੀਆਂ ਸਾਨੂੰ ਲੈ ਡੁੱਬਣਗੀਆਂ।
ਉਨ੍ਹਾਂ ਕਿਹਾ ਕਿ ਓਨੀਆਂ ਮੌਤਾਂ ਅਤਿਵਾਦ ਦੇ ਸਮੇਂ ਗੋਲੀ ਨਾਲ ਨਹੀਂ ਹੋਈਆਂ, ਜਿੰਨੀਆਂ ਜਾਨਾਂ ਸੜਕ ਹਾਦਸੇ ਲੈ ਰਹੇ ਹਨ। ਸੰਭਲਣ ਦਾ ਵੇਲਾ ਹੈ।
ਇਸ ਸਮਾਗਮ ਮੌਕੇ ਡੀ ਸੀ ਪੀ ਟ੍ਰੈਫਿਕ ਲੁਧਿਆਣਾ ਵਰਿੰਦਰ ਸਿੰਘ ਬਰਾੜ ਦੇ ਪ੍ਰਤੀਨਿਧ ਸਃ ਜਸਬੀਰ ਸਿੰਘ ਨੇ ਸੜਕ ਸਲੀਕਾ ਤੇ ਚੇਤਨਾ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਸਿਰਫ਼ ਸਾਲ 2022 ਦੌਰਾਨ ਹੀ ਪੰਜ ਲੱਖ ਸੜਕ ਹਾਦਸੇ ਹੋਏ ਜਿੰਨ੍ਹਾਂ ਵਿੱਚ ਡੇਢ ਲੱਖ ਜਾਨਾਂ ਗਈਆਂ। ਲਗਪਗ ਢਾਈ ਲੱਖ ਲੋਕ ਜ਼ਖ਼ਮੀ ਹੋਣ ਉਪਰੰਤ ਅੰਗਹੀਣ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਛੇ ਹਜ਼ਾਰ ਸੜਕ ਹਾਦਸਿਆਂ ਵਿੱਚ ਪੰਜ ਹਜ਼ਾਰ ਜਾਨਾਂ ਗਈਆਂ।
ਉਨ੍ਹਾਂ ਮਾਪਿਆਂ ਨੂੰ ਸੁਚੇਤ ਕੀਤਾ ਕਿ ਨਿੱਕੇ ਬੱਚਿਆਂ ਨੂੰ ਤੇਜ਼ ਰਫਤਾਰੀ ਵਾਹਨ ਨਾ ਚਲਾਉਣ ਦਿਉ। ਸਃ ਜਸਬੀਰ ਸਿੰਘ ਨੇ ਕਿਹਾ ਕਿ ਸੱਤਰ ਫੀ ਸਦੀ ਸੜਕ ਹਾਦਸੇ 18ਸਾਲ ਤੋਂ 45 ਸਾਲ ਦੀ ਉਮਰ ਵਿਚਕਾਰਲੇ ਇਨਸਾਨਾਂ ਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਸੜਕਾਂ ਲਈ ਨਿਸ਼ਚਤ ਇੰਜਨੀਰਿੰਗ ਢਾਂਚੇ ਦੀ ਕਮੀ ਹੈ ਪਰ ਸ਼ਰਾਬ ਦਾ ਸੇਵਨ, ਮੋਬਾਈਲ ਫੋਨਜ਼, ਸੀਟ ਬੈਲਟ ਨਾ ਲਾਉਣਾ ਤੇ ਫੁਕਰਪੰਥੀ ਵੀ ਸੜਕ ਹਾਦਸਿਆਂ ਲਈ ਜ਼ੁੰਮੇਵਾਰ ਹੈ।
ਲੁਧਿਆਣਾ ਦੇ ਸਿਰਕੱਢ ਡਾਕਟਰ ਤੇ ਸਮਾਜਿਕ ਆਗੂ ਡਾਃ ਅਨੰਤਜੀਤ ਕੌਰ ਚੁੱਘ ਨੇ ਕਿਹਾ ਕਿ ਦੇਸ਼ ਦੀ ਅੱਧੀ ਆਬਾਦੀ ਔਰਤਾਂ ਦੀ ਹੈ ਪਰ ਉਨ੍ਹਾਂ ਦੀ ਸਮਾਜਿਕ ਕਾਰਜਾਂ ਵਿੱਚ ਭਾਈਵਾਲੀ ਨਿਗੂਣੀ ਹੈ। ਇਹ ਹਿੱਸਾ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪੜ੍ਹੀਆਂ ਲਿਖੀਆਂ ਸੁਚੇਤ ਭੈਣਾਂ ਨੂੰ ਵੀ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਆਖਿਈ ਕਿ ਅਕਤੂਬਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਿਹਤ ਸਰਵੇਖਣ ਕੈਂਪ ਲਾਇਆ ਜਾਵੇਗੀ। ਸਮਾਜਿਕ ਆਗੂ ਨਿੱਕੀ ਕੋਹਲੀ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਸਮਾਜਿਕ ਜੁੰਮੇਵਾਰੀ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰੋ ਵਾਈਸ ਚਾਂਸਲਰ ਡਾਃ ਜਗਤਾਰ ਸਿੰਘ ਧੀਮਾਨ,ਡਿਪਟੀ ਡੀ ਪੀ ਆਈ (ਕਾਲਿਜਜ)ਡਾਃ ਅਸ਼ਵਨੀ ਭੱਲਾ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਸਿੰਘ ਜੌੜਾ, ਸਾਬਕਾ ਤਕਨੀਕੀ ਸਿੱਖਿਆ ਮੰਤਰੀ ਮਲਕੀਤ ਸਿੰਘ ਦਾਖਾ ਤੋਂ ਇਲਾਵਾ ਉੱਘੀਆਂ ਸ਼ਖਸੀਅਤਾਂ ਤੇ ਸਮਾਜਿਕ ਆਗੁ ਡਾਃ ਅਨੰਤਜੀਤ ਕੌਰ ਚੁੱਘ, ਨਿੱਕੀ ਕੋਹਲੀ, ਬਾਦਲ ਸਿੰਘ ਸਿੱਧੂ,ਡਾਃ ਜਸਪ੍ਰੀਤ ਕੌਰ ਫਲਕ,ਅਮਰਜੀਤ ਸਿੰਘ ਸ਼ੇਰਪੁਰੀ ਵਲੋਂ ਵੱਖੋ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ।
ਬੁਲਾਰਿਆਂ ਨੇ ਕਿਹਾ ਕਿ ਅੱਜੋਕੇ ਸਮੇਂ ਵਿੱਚ ਭੱਜ ਦੌੜ ਭਰੀ ਜ਼ਿੰਦਗੀ ਅਤੇ ਪੈਸੇ ਕਮਾਉਣ ਦੇ ਚੱਕਰ ਵਿੱਚ ਅਸੀਂ ਆਪਣੇ ਰਿਸ਼ਤੇ ਗਵਾਈ ਜਾ ਰਹੇ ਹਾਂ। ਅਤੇ ਇਸ ਬਾਰੇ ਅੱਜ ਦੀ ਨੌਜਵਾਨ ਪੀੜੀ ਨੂੰ ਇਸ ਬਾਰੇ ਜਾਣੂ ਕਰਾਉਣ ਦੀ ਲੋੜ ਹੈ।ਉਹਨਾਂ ਨੇ ਕਿਹਾ ਕਿ ਅੱਜ ਵਾਤਾਵਰਨ ਸੰਭਾਲ ਦੀ ਬਹੁਤ ਲੋੜ ਹੈ ਉਹਨਾਂ ਕਿਹਾ ਕਿ ਰੁੱਖ ਲਗਾਉਣ ਹਰ ਮਨੁੱਖ ਦਾ ਫਰਜ਼ ਹੈ ਇਸ ਲਈ ਇਸਨੂੰ ਸੋਸ਼ਲ ਮੀਡੀਆ ਵਿੱਚ ਫੋਟੋਆਂ ਛਪਵਾਉਣ ਤੱਕ ਸੀਮਿਤ ਨਾ ਰੱਖੀਏ ਬਲਕਿ ਰੁੱਖਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਈਏ ਤਾਂ ਜੋ ਆਉਣ ਵਾਲੀ ਪੀੜ੍ਹੀ ਸਾਫ਼ ਸੁਥਰੇ ਵਾਤਾਵਰਣ ਦਾ ਆਨੰਦ ਮਾਣ ਸਕਣ। ਇਸਦੇ ਨਾਲ ਹੀ ਬੁਲਾਰਿਆਂ ਨੇ ਕਿਹਾ ਅੱਜ ਵੱਡੇ ਵੱਡੇ ਸ਼ਹਿਰਾਂ ਵਿੱਚ ਵੱਧ ਰਹੀ ਵਾਹਨਾਂ ਦੀ ਗਿਣਤੀ ਕਾਰਨ ਟ੍ਰੈਫਿਕ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਰਹੀ ਹੈ।ਜਿਸਦੇ ਕਾਰਨ ਆਮ ਲੋਕਾਂ ਘੰਟੇ ਬਧੀ ਟ੍ਰੈਫਿਕ ਜਾਮ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿ ਖਮਿਆਜ਼ਾ ਮਰੀਜਾਂ ਅਤੇ ਵਿਦਿਆਰਥੀਆਂ ਸਭ ਤੋਂ ਵੱਧ ਚੁੱਕਣਾ ਪੈਂਦਾ ਹੈ।ਇਸ ਲਈ ਉਹਨਾਂ ਨੇ ਕਿਹਾ ਕਿ ਹਰ ਆਮ ਨਾਗਰਿਕ ਦਾ ਫਰਜ਼ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਜਿੰਮੇਵਾਰੀ ਸਮਝਣ।
ਇਸ ਸਮੇਂ ਅਮਰੀਕਾ ਤੋਂ ਆਏ ਬਾਬਾ ਬੰਦਾ ਸਿੰਘ ਭਵਨ ਰਕਬਾ ਦੇ ਟਰੱਸਟੀ ਹਰਜੀਤ ਸਿੰਘ ਸਿੱਧੂ(ਨਿਊ ਜਰਸੀ) ਏਟਅਮਰੀਕਾ ਦਰਸ਼ਨ ਸਿੰਘ ਲੋਟੇ, ਸਂ ਸੁਰਜੀਤ ਸਿੰਘ ਲੋਟੇ, ਬੀਬੀ ਗੁਰਮੀਤ ਕੌਰ ਆਹਲੂਵਾਲੀਆ ਪ੍ਰਧਾਨ ਮਹਿਲਾ ਵਿੰਗ,ਮਨੋਹਰ ਬਾਵਾ, ਡਾ. ਅਨੰਤਜੀਤ ਕੌਰ ਚੁੱਘ, ਅੰਮ੍ਰਿਤਪਾਲ ਸਿੰਘ ਸ਼ੰਕਰ,ਡਾਃ ਅਸ਼ਵਨੀ ਭੱਲਾ,ਡਾਃ ਨਿਰਮਲ ਜੌੜਾ, ਡਾਃ ਜਗਤਾਰ ਸਿੰਘ ਧੀਮਾਨ, ਲੋਕ ਗਾਇਕ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਤੇ ਚਮਕ ਚਮਕੀਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਸੀਨੀਅਰ ਸਮਾਜਿਕ ਆਗੂ ਜਸਵੰਤ ਸਿੰਘ ਛਾਪਾ, ਇਕਬਾਲ ਸਿੰਘ ਗਿੱਲ ਰੀਟਾਇਰਡ ਡੀ ਆਈ ਜੀ, ਬਲਵੰਤ ਸਿੰਘ ਧਨੋਆ,ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ (ਲੁਧਿਆਣਾ) ਰੇਸ਼ਮ ਸਿੰਘ ਸੱਗੂ, ਸੁੱਚਾ ਸਿੰਘ ਤੁੱਗਲ, ਦਮਨ ਬਾਵਾ, ਨਰਿੰਦਰ ਸਿੰਘ ਸੋਹੀ ਟਰੈਫ਼ਿਕ ਪੁਲਸ ਇੰਚਾਰਜ, ਰਜਿੰਦਰਪਾਲ ਬਾਂਸਲ, ਪ੍ਰਵੀਨ ਗਾਂਧੀ ਟਰਸਟੀ,ਸਾਬਕਾ ਸਰਪੰਚ ਰਕਬਾ ਭਗਵੰਤ ਸਿੰਘ, ਮਾਸਟਰ ਗੁਰਚਰਨ ਸਿੰਘ, ਹਰਿੰਦਰ ਸਿੰਘ ਰਕਬਾ, ਅਰਜਨ ਬਾਵਾ ਆਦਿ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਧਾਰਮਿਕ ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪ੍ਰਿੰਸੀਪਲ ਬਲਦੇਵ ਬਾਵਾ ਜੀ ਨੇ ਧੰਨਵਾਦ ਕੀਤਾ।