ਦੀਨਾਨਗਰ, 4 ਅਕਤੂਬਰ (ਵਿਸ਼ਵ ਵਾਰਤਾ): ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਿੰਘ ਸਲਾਰੀਆ ਵੱਲੋਂ ਅੱਜ ਹਲਕਾ ਦੀਨਾਨਗਰ ਦੇ ਪਿੰਡਾਂ ਵਿੱਚ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ। ਜਿਸ ਵਿੱਚ ਸੀਨੀਅਰ ਭਾਜਪਾ ਆਗੂ ਬੀ.ਡੀ. ਧੁੱਪੜ, ਜੋਗਿੰਦਰ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਆਗੂ ਅਤੇ ਵਰਕਰ ਸ਼ਾਮਿਲ ਸਨ।
ਹਲਕੇ ਦੇ ਪਿੰਡ ਜੰਡੀ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਿੰਡ ਬਰਿਆਰ ਵਿੱਚ ਸਮਾਪਤ ਹੋਇਆ । ਹਲਕੇ ਦੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਇਸ ਰੋਡ ਸ਼ੋਅ ਦਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਰੱਖੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਦਾ ਇੱਕ ਹੀ ਮਕਸਦ ਰੱਖਿਆ ਹੈ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਅਨੇਕਾਂ ਕਾਰਜਾਂ ਰਾਹੀਂ ਕੋਸ਼ਿਸ਼ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਸਿਹਤ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਨੂੰ ਹੋਰ ਸੁਖਾਵਾਂ ਬਣਾਉਣ ਲਈ ਯੋਜਨਾਵਾਂ ਉਲੀਕੀਆਂ ਜਾਣ। ਉਨ੍ਹਾਂ ਕਿਹਾ ਕਿ ਹੁਣ ਰਾਜਨੀਤੀ ਵਿੱਚ ਆ ਕੇ ਵੀ ਉਨ੍ਹਾਂ ਦਾ ਮਕਸਦ ਹਲਕੇ ਦੇ ਲੋਕਾਂ ਦੀ ਬੇਹਤਰੀ ਲਈ ਯੋਜਨਾਵਾਂ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਭਰਵਾਂ ਪਿਆਰ ਦਿੱਤਾ ਹੈ ਅਤੇ ਹੁਣ ਵੀ ਉਨ੍ਹਾਂ ਨੂੰ ਪੂਰਨ ਆਸ ਹੈ ਕਿ 11 ਅਕਤੂਬਰ ਨੂੰ ਲੋਕ ਉਨ੍ਹਾਂ ਦੀ ਜਿੱਤ ‘ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਸੰਸਦ ਵਿੱਚ ਭੇਜਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰ੍ਹਾ ਉੱਤਰਣਗੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਭਾਜਪਾ ਆਗੂ ਬੀ.ਡੀ.ਧੁੱਪੜ ਨੇ ਕਿਹਾ ਕਿ ਇਸ ਵਾਰ ਲੋਕ ਕਾਂਗਰਸ ਦੀਆਂ ਮੋਮੋਠੱਗਣੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 6 ਮਹੀਨੇ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਖ ਮੋੜ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਸ ਦੀ ਕਹਿਣੀ ਹੋਰ ਹੈ ਅਤੇ ਕਰਨੀ ਹੋਰ । ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵਰਨ ਸਲਾਰੀਆਂ ਦੀ ਜਿੱਤ ਲਈ ਇੱਕਜੁਟ ਹੋ ਕੇ ਜੋਰ ਲਗਾਉਣ ਤਾਂ ਜੋ ਸਵ: ਵਿਨੋਦ ਖੰਨਾ ਦੇ ਅਧੂਰੇ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਬੋਲਦਿਆਂ ਜੋਗਿੰਦਰ ਸਿੰਘ ਛੀਨਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਬੇਹਤਰੀਨ ਕਾਰਗੁਜ਼ਾਰੀ ਨੂੰ ਦੇਖਦਿਆਂ ਹੀ ਮਕਸਦੋਂ ਭਟਕੀ ਆਮ ਆਦਮੀਂ ਪਾਰਟੀ ਨੂੰ ਅਲਵਿਦਾ ਆਖ ਕੇ ਇਸ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਜਿੱਤ ਯਕੀਨੀ ਹੈ ਬੱਸ ਇਸ ਦਾ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਕੋਲ ਪੂਰੇ ਗੁਰਦਾਸਪੁਰ ਹਲਕੇ ਵਿੱਚ ਇੱਕ ਵੀ ਅਜਿਹਾ ਆਗੂ ਨਹੀਂ ਹੈ ਜੋ ਲੋਕ ਸਭਾ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੋਵੇ, ਉਸ ਦੀ ਸਥਿਤੀ ਦਾ ਅੰਦਾਜਾ ਆਪਣੇ ਆਪ ਹੀ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਬਾਹਰੀ ਉਮੀਦਵਾਰ ਨੂੰ ਮੂੰਹ ਵੀ ਨਹੀਂ ਲਗਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਵੀਰ ਰਾਜਨ, ਜ਼ਿਲ੍ਹਾ ਜਨਰਲ ਸਕੱਤਰ ਭੁਪੇਸ਼ ਅੱਤਰੀ, ਠਾਕੁਰ ਪੂਰਨ ਸਿੰਘ ਮੰਡਲ ਪ੍ਰਧਾਨ, ਯੋਗੇਸ਼ ਸ਼ਰਮਾ ਮੰਡਲ ਪ੍ਰਧਾਨ, ਕਮਲਜੀਤ ਚਾਵਲਾ ਮੀਤ ਪ੍ਰਧਾਨ ਅਤੇ ਜਗਦੇਵ ਸਿੰਘ ਆਦਿ ਹਾਜ਼ਰ ਸਨ।
ਸਲਾਰੀਆ ਨੇ ਕੱਢਿਆ ਹਲਕਾ ਦੀਨਾਨਗਰ ਵਿੱਚ ਰੋਡ ਸ਼ੋਅ
Advertisement
Advertisement