– ਲੁਧਿਆਣਾ ਵਿੱਚ ਉਤਪਾਦਨ ਇਕਾਈ ਸੀਲ
– 1500 ਲੀਟਰ ਸਰ੍ਹੋ ਦਾ ਤੇਲ, 226 ਕਿਲੋ ਦੇਸੀ ਘਿਓ ਅਤੇ 90 ਲੀਟਰ ਬਨਸਪਤੀ ਜ਼ਬਤ
– ਹੁਸ਼ਿਆਰਪੁਰ ਅਤੇ ਫਰੀਦਕੋਟ ਵਿੱਚ ਵੀ ਛਾਪੇਮਾਰੀ
– ਕਈ ਮਿੱਲਾਂ ਐਫ.ਐਸ.ਐਸ.ਏ.ਆਈ. ਲਾਇਸੰਸ ਬਿਨਾਂ ਹੀ ਚਲਦੀਆਂ ਪਾਈਆਂ ਗਈਆਂ
ਚੰਡੀਗੜ੍ਹ, 11 ਸਤੰਬਰ (ਵਿਸ਼ਵ ਵਾਰਤਾ) : ਸ਼ੁਰੂਆਤੀ ਚਿਤਾਵਨੀ ਦੇ ਬਾਅਦ ਵੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਰ੍ਹੋਂ ਦੇ ਤੇਲ ਦੀ ਮਿਲਾਵਟਖੋਰੀ ਵਿੱਚ ਲਿਪਤ ਵਿਅਕਤੀਆਂ ‘ਤੇ ਫੂਡ ਸੇਫਟੀ ਟੀਮਾਂ ਨੇ ਜ਼ੋਰਦਾਰ ਹੱਲਾ ਬੋਲ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਅਬੋਹਰ ਵਿਖੇ ਐਨ.ਜੀ. ਤੇਲ ਮਿੱਲ ‘ਤੇ ਛਾਪੇਮਾਰੀ ਦੌਰਾਨ ਫਾਜ਼ਿਲਕਾ ਫੂਡ ਸੇਫਟੀ ਟੀਮ ਨੂੰ 725 ਲੀਟਰ ਨਕਲੀ ਸਰ੍ਹੋ ਦਾ ਤੇਲ ਅਤੇ 352 ਲੀਟਰ ਖਾਣ ਵਾਲਾ ਤੇਲ ਮਿਲਿਆ। ਅਗਲੇਰੀ ਜਾਂਚ ਲਈ ਨਮੂਨੇ ਲੈ ਕੇ ਸਟਾਕ ਜ਼ਬਤ ਕਰ ਲਿਆ ਗਿਆ। ਇਹ ਕਾਰੋਬਾਰੀ ਮਿਲਾਵਟੀ ਖਾਣ ਵਾਲੇ ਤੇਲ ਨੂੰ ਸਰ੍ਹੋ ਦੇ ਤੇਲ ਵਜੋਂ ਵੇਚ ਰਿਹਾ ਸੀ। ਟੀਮ ਵੱਲੋਂ ਫੈਕਟਰੀ ਦੇ ਪੈਕੇਜਿੰਗ ਹਿੱਸੇ ਅਤੇ ਤੇਲ ਦੇ ਟੈਂਕਰ ਨੂੰ ਸੀਲ ਕਰ ਦਿੱਤਾ ਗਿਆ। ਟੀਮ ਵੱਲੋਂ ਅਬੈ ਟ੍ਰੇਡਿੰਗ ਕੰਪਨੀ ਦੇ ਨਾਂ ‘ਤੇ ਘਰੇਲੂ ਇਮਾਰਤ ਵਿੱਚ ਚਲਾਈ ਜਾ ਰਹੀ ਦੁਕਾਨ ਤੋਂ 46 ਲੀਟਰ ਰਾਇਲ ਤਾਜ਼ ਕੁਕਿੰਗ ਸਮੱਗਰੀ ਵੀ ਜ਼ਬਤ ਕੀਤੀ ਗਈ।
ਇਸ ਤੋਂ ਪਹਿਲਾਂ ਲੁਧਿਆਣਾ ਦੀ ਟੀਮ ਵੱਲੋਂ ਅਮਰਗੜ੍ਹ ਨਜ਼ਦੀਕ ਇੱਕ ਉਤਪਾਦਕ ਇਕਾਈ ਦੀ ਜਾਂਚ ਤੋਂ ਬਾਅਦ ਉਸਨੂੰ ਸੀਲ ਕੀਤਾ ਗਿਆ। ਇਹ ਉਤਪਾਦਕ ਇਕਾਈ ਲੁਧਿਆਣਾ ਜ਼ਿਲ੍ਹੇ ਵਿੱਚ ਸਥਾਪਿਤ ਸੀ ਜਦ ਕਿ ਗੁੰਮਰਾਹ ਕਰਨ ਲਈ ਪੈਕੇਜਿੰਗ ਪਤਾ ਸੰਗਰੂਰ ਜ਼ਿਲ੍ਹੇ ਦਾ ਦਿੱਤਾ ਹੋਇਆ ਸੀ। ਸਮੂਹ ਪੈਕੇਜਡ ਸਮੱਗਰੀ ਜੋ ਕਿ ਤਕਰੀਬਨ 168 ਲੀਟਰ ਸਰ੍ਹੋ ਦਾ ਤੇਲ ਸੀ ਨੂੰ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਖੰਨਾ ਵਿਖੇ ਇੱਕ ਫੈਕਟਰੀ ਵਿੱਚ ਬਿਨਾਂ ਮਾਰਕੇ ਦਾ ਸਰ੍ਹੋਂ ਦਾ ਤੇਲ ਵੀ ਪਾਇਆ ਗਿਆ।
ਫਰੀਦਕੋਟ ਟੀਮ ਵੱਲੋਂ ਸੁਭਾਸ਼ ਫਲੋਰ ਮਿੱਲਾਂ ਦੀ ਜਾਂਚ ਉਪਰੰਤ ਦੋ ਵੱਖਰੇ ਵੱਖਰੇ ਬ੍ਰਾਂਡ ਦਾ ਸਰ੍ਹੋਂ ਦਾ ਤੇਲ ਜਿਸ ਵਿੱਚ ਕੁੱਲ 159 ਕਿਲੋਗਾ੍ਰਮ ਦੇ 18 ਬਕਸੇ ਧਾਨ ਬ੍ਰਾਂਡ ਦੇ ਅਤੇ ਕੁੱਲ 96 ਕਿਲੋਗਾ੍ਰਮ ਦੇ 10 ਬਕਸੇ ਅਨਿਯਾ ਬ੍ਰਾਂਡ ਦੇ ਸ਼ਾਮਲ ਸਨ। ਹਰੇਕ ਸ਼ੱਕੀ ਸਮੱਗਰੀ ਦੇ ਨਮੂਨੇ ਲੈ ਕੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।
ਕ੍ਰਿਸ਼ਨਾ ਟ੍ਰੇਡਰਜ਼, ਹੁਸ਼ਿਆਰਪੁਰ ਵਿਖੇ ਕੀਤੀ ਜਾਂਚ ਦੌਰਾਨ ਬਨਸਪਤੀ ਅਤੇ ਦੇਸੀ ਘੀ ਦੀ ਸੁਗੰਧ ਤੋਂ ਬਣੇ ਕੁੱਲ 180 ਕਿਲੋਗ੍ਰਾਮ (10 ਬਕਸੇ ਹਰੇਕ 18 ਕਿਲੋ) ਨਕਲੀ ਦੇਸੀ ਘੀ ਦਾ ਪਰਦਾਫਾਸ਼ ਕੀਤਾ ਗਿਆ। ਸਟਾਕ ਨੂੰ ਸੀਲ ਕਰਕੇ ਅਗਲੇਰੀ ਜਾਂਚ ਲਈ ਦੇਸੀ ਘੀ ਅਤੇ ਬਨਸਪਤੀ ਦੇ ਨਮੂਨੇ ਲੈ ਲਏ ਗਏ। ਇਸ ਤੋਂ ਇਲਾਵਾ ਮੰਨਤ ਫੂਡਜ਼ ਤੋਂ ਕੁਕਿੰਗ ਸਮੱਗਰੀ ਦੇ ਨਮੂਨੇ ਲੈ ਕੇ ਜਾਂਚ ਲਈ ਲੈਬ ਨੂੰ ਭੇਜ ਦਿੱਤੇ ਗਏ ਹਨ।
ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਅਰੋੜਾ ਆਇਲ ਐਂਡ ਫਲੋਰ ਮਿੱਲ ਅਤੇ ਲਕਸ਼ਮਣ ਸਿੰਘ ਐਂਡ ਸੱਨਜ਼ ਨਾਮਕ ਤੇਲ ਦੀ ਰੀ-ਪੈਕਿੰਗ ਵਾਲੀਆਂ ਯੂਨਿਟਾਂ ਦਾ ਨਿਰੀਖਣ ਕੀਤਾ ਗਿਆ। ਲਕਸ਼ਮਣ ਸਿੰਘ ਐਂਡ ਸੱਨਜ਼ ਵਿਖੇ 200 ਪੀਪੇ ਰਸੋਈ ਬ੍ਰਾਂਡ ਸਰ੍ਹੋਂ ਦਾ ਤੇਲ ਅਤੇ 200 ਪੀਪੇ ਸੁਨਿਹਰੀ ਕੋਰਾਂ ਸਰ੍ਹੋ ਦੇ ਤੇਲ ਦੇ ਪਾਏ ਗਏ। ਅਰੋੜਾ ਆਇਲ ਐਂਡ ਫਲੋਰ ਮਿੱਨ ਵਿਖੇ ਤਕਰੀਬਨ 50 ਬਕਸੇ ਵੇਟਰ ਬ੍ਰਾਂਡ ਸਰ੍ਹੋ ਦਾ ਤੇਲ ਅਤੇ 200 ਬਕਸੇ ਮਸ਼ਲ ਸਰ੍ਹੋ ਦੇ ਤੇਲ ਦੇ ਮਿਲੇ। ਨਮੂਨੇ ਲੈ ਕੇ ਦੋਹਾਂ ਮਿੱਲਾਂ ਨੂੰ ਸਵੱਛਤਾ ਨੂੰ ਬਣਾਈ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਦੋਹਾਂ ਮਿੱਲਾਂ ਕੋਲ ਐਫ.ਐਸ.ਐਸ.ਏ.ਆਈ. ਲਾਇਸੰਸ ਨਹੀਂ ਸੀ।