ਸਰਕਾਰੀ ਹਸਪਤਾਲਾਂ ਵਿੱਚ ਜਲਦ ਹੀ ਤੈਨਾਤ ਹੋਣਗੇ ਨਵੇਂ ਮਾਹਿਰ ਡਾਕਟਰ – ਬ੍ਰਹਮ ਮਹਿੰਦਰਾ

229
Advertisement

–     ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕਰਵਾਈ ਮਾਹਿਰ ਡਾਕਟਰਾਂ ਦੀ ਕਾਉਂਸਲਿੰਗ

ਐਸ.ਬੀ.ਐਸ. ਨਗਰ (ਮੋਹਾਲੀ), 25 ਫਰਵਰੀ

ਰਾਜ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਜਲਦੀ ਪੂਰਾ ਕਰਨ ਦੇ ਉਦੇਸ਼ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਅੱਜ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਮਾਹਿਰ ਡਾਕਟਰਾਂ ਦੀ ਭਰਤੀ ਲਈ ਵਿਸ਼ੇਸ਼ ਕਾਉਂਸਲਿੰਗ ਕਰਵਾਈ ਜਾ ਰਹੀ ਹੈ। ਇਸੇ ਸੰਬੰਧ ਵਿੱਚ ਵਿਭਾਗ ਵੱਲੋਂ  ਸਰਕਾਰੀ ਮੈਡੀਕਲ ਕਾਲਜ ਵਿਖੇ ਐਮ.ਐਸ./ਐਮ.ਡੀ. ਕਰ ਰਹੇ ਆਖਰੀ ਸਾਲ ਦੇ ਲਗਭਗ 88 ਵਿਦਿਆਰਥੀਆਂ ਲਈ ਵਿਸ਼ੇਸ਼ ਕਾਉਂਸਲਿੰਗ ਮੁਹਿੰਮ ਚਲਾਈ ਗਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਕਰਨ ਲਈ ਅਤੇ ਰਾਜ ਵਿੱਚ ਮਾਹਿਰ ਡਾਕਟਰਾਂ ਦੀ ਭਰਤੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਚੱਲਦੇ ਹੀ ਪਹਿਲੇ ਦੌਰ ਵਿੱਚ ਪਟਿਆਲਾ ਵਿੱਚ ਵਿਸ਼ੇਸ਼ ਕਾਉਂਸਲਿੰਗ ਕੀਤੀ ਗਈ। ਇਸੇ ਤਰ੍ਹਾਂ ਇਹ ਕਾਉਂਸਲਿੰਗ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ 27 ਫਰਵਰੀ ਨੂੰ ਕੀਤੀ ਜਾਵੇਗੀ ਅਤੇ ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ ਵਿੱਚ 1 ਮਾਰਚ ਨੂੰ ਕੀਤੀ ਜਾਵੇਗੀ। ਇਸ ਵਿੱਚ ਮੈਡੀਸਨ, ਸਰਜਰੀ, ਆਰਥੋ, ਪੈਡੀਐਟਰਿਕਸ, ਔਰਤਾਂ ਦੇ ਮਾਹਿਰ, ਕੰਨ-ਨੱਕ-ਗਲਾ, ਅੱਖਾਂ, ਛਾਤੀ, ਐਨਥੀਜ਼ੀਆ, ਰੇਡੀਓਲੋਜਿਸਟ ਆਦਿ ਦੇ ਵਿਦਿਆਰਥੀਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਸਰਕਾਰ ਦੇ ਨਾਲ ਬੋਂਡ ਕਰਕੇ ਪੀ.ਜੀ. ਵਿੱਚ ਪ੍ਰਮੁੱਖਤਾ ਦੇ ਆਧਾਰ ਤੇ ਦਾਖਿਲਾ ਲਿਆ ਸੀ। ਬੋਂਡ ਦੀਆਂ ਸ਼ਰਤਾਂ ਅਨੁਸਾਰ ਮਾਹਿਰ ਡਾਕਟਰਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣੀਆਂ ਸੇਵਾਵਾਂ ਦੇਣਾ ਜ਼ਰੂਰੀ ਬਣਦਾ ਹੈ।  ਚੁਣੇ ਗਏ ਮਾਹਿਰ ਡਾਕਟਰਾਂ ਨੂੰ ਮੁੱਢਲੀ ਤਨਖਾਹ 70 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇਗੀ।

ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਥੇ ਸਿਹਤ ਸੰਸਥਾਵਾਂ ਵਿੱਚ ਨਿਰਮਾਣ ਦੇ ਕੰਮਾਂ ਵਿੱਚ ਸੁਧਾਰ ਦੇ ਨਾਲ-ਨਾਲ ਜ਼ਰੂਰੀ ਮਾਤਰਾ ਵਿੱਚ ਦਵਾਈਆਂ ਮੁਫ਼ਤ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ, ਉਥੇ ਪੰਜਾਬ ਦੇ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਭਰਤੀ ਲਈ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ।

ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਰ ਸ਼੍ਰੀ ਵਰੁਣ ਰੂਜਮ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਮਾਹਿਰ ਡਾਕਟਰਾਂ ਦੀ ਕਾਉਂਸਲਿੰਗ ਕਰ ਲਈ ਗਈ ਹੈ ਅਤੇ ਉਨ੍ਹਾਂ ਦਾ ਸੈਸ਼ਨ ਅਪ੍ਰੈਲ-ਮਈ ਵਿੱਚ ਸਮਾਪਤ ਹੋ ਜਾਵੇਗਾ ਅਤੇ ਨਤੀਜਿਆਂ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਇਨ੍ਹਾਂ ਮਾਹਿਰ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਨ੍ਹਾਂ ਭਰਤੀਆਂ ਦਾ ਉਦੇਸ਼ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ, ਜਿਸ ਲਈ ਸਿਹਤ ਵਿਭਾਗ ਵੱਲੋਂ ਪ੍ਰਮੁੱਖਤਾ ਦੇ ਆਧਾਰ ਤੇ ਭਰਤੀ ਲਈ ਕਾਉਂਸਲਿੰਗ ਕੀਤੀ ਜਾ ਰਹੀ ਹੈ। ਇਸ ਕਾਉਂਸਲਿੰਗ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੀ ਡਾਇਰੈਕਟਰ ਡਾ. ਅਵਨੀਤ ਕੌਰ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵਾਈਸ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਪ੍ਰੋ. ਡਾ. ਐਸ.ਪੀ. ਸਿੰਘ ਅਤੇ ਐਨ.ਐਚ.ਐਮ. ਦੇ ਮੈਨੇਜਰ ਐਚ.ਆਰ. ਸ਼੍ਰੀਮਤੀ ਦੀਪ ਸ਼ਿਖਾ ਸ਼ਾਮਿਲ ਸਨ।

Advertisement

LEAVE A REPLY

Please enter your comment!
Please enter your name here