ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਮਨਾਇਆ ਵਿਸ਼ਵ ਓਜ਼ੋਨ ਦਿਵਸ
ਐੱਸ.ਏ.ਐੱਸ. ਨਗਰ, 17 ਸਤੰਬਰ, 2023 (ਸਤੀਸ਼ ਕੁਮਾਰ ਪੱਪੀ):-ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਅਗਵਾਈ ਹੇਠ ਕਾਲਜ ਦੇ ਭੂਗੋਲ ਵਿਭਾਗ ਵੱਲੋਂ ‘ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ‘ਓਜ਼ੋਨ ਪਰਤ : ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ਉੱਪਰ ‘ਪੀਪੀਟੀ ਪ੍ਰੈਜ਼ਨਟੇਸ਼ਨ ਪ੍ਰਤਿਯੋਗਤਾ’ ਕਰਵਾਈ ਗਈ। ਇਸ ਮੁਕਾਬਲੇ ਵਿਚ ਭੂਗੋਲ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਜ਼ੋਨ ਪਰਤ ਜੀਵਨ ਲਈ ਬੇਹੱਦ ਜ਼ਰੂਰੀ ਹੈ ਅਤੇ ਸਾਨੂੰ ਹਰ ਹਾਲਤ ਵਿਚ ਇਸਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਹਨਾਂ ਨੇ ਪ੍ਰਤਿਯੋਗਤਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੁੰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਪਲਾਸਟਿਕ ਦੀ ਥਾਂ ਈਕੋ-ਫਰੈਂਡਲੀ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਅਤੇ ਪੇਪਰਲੈੱਸ ਕੰਮਕਾਜ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਸਲੋਨੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਪ੍ਰਤਿਯੋਗਤਾ ਵਿਚ ਵਿਦਿਆਰਥਣ ਹਰਮਨ ਤੇ ਸ਼ਾਲੂ ਨੇ ਪਹਿਲਾ, ਜਗਮੋਹਨ ਸਿੰਘ ਤੇ ਦੀਪਕ ਮਿਹਤੋ ਨੇ ਦੂਜਾ ਅਤੇ ਆਂਚਲ ਗੁਪਤਾ ਤੇ ਰਾਜਾ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਦਿੱਤੇ ਗਏ। ਅੰਤ ਵਿਚ ਪ੍ਰੋ. ਮਨਪ੍ਰੀਤ ਕੌਰ ਨੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।