ਪਿੰਡ ਮਾਂਝੀ ਵਿੱਚ ਇੰਟਰ ਲਾਕਿੰਗ ਟਾਈਲਾਂ ਵਾਲੀਆਂ ਗਲੀਆਂ ਸਬੰਧੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਗਰਾਂਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਚਹੁੰਮੁਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਮਾਰਟ ਪਿੰਡ ਮੁਹਿੰਮ ਤਹਿਤ ਪਿੰਡਾਂ ਵਿੱਚ ਜਲ ਸਪਲਾਈ, ਸੈਨੀਟੇਸ਼ਨ, ਸਟਰੀਟ ਲਾਈਟਾਂ, ਪਾਰਕ, ਜਿੰਮ ਆਦਿ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ ਜਿਸ ਤਹਿਤ ਪਹਿਲੇ ਪੜਾਅ ਵਿੱਚ ਪਿੰਡਾਂ ਅੰਦਰ 835 ਕਰੋੜ ਰੁਪਏ ਦੀ ਲਾਗਤ ਨਾਲ 19132 ਵਿਕਾਸ ਕਾਰਜ ਉਲੀਕੇ ਗਏ ਸਨ ਅਤੇ ਪਹਿਲੇ ਪੜਾਅ ਦੀ ਸਫ਼ਲਤਾ ਉਪਰੰਤ ਦੂਜੇ ਪੜਾਅ ਵਿੱਚ 1175 ਕਰੋੜ ਰੁਪਏ ਦੀ ਲਾਗਤ ਨਾਲ 48910 ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੇਂਡੂ ਵਸੋਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਦੇਣ ਲਈ ਵਿੱਢੀ ਮੁਹਿੰਮ ਤਹਿਤ 24.86 ਲੱਖ ਪੇਂਡੂ ਘਰਾਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਮਾਰਚ 2022 ਤੱਕ ਹਰ ਪੇਂਡੂ ਪਰਿਵਾਰ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ਯੋਗ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੋਗ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਪੂਰਾ ਫਾਇਦਾ ਦਿੱਤਾ ਜਾਵੇਗਾ। ਇਸ ਮੌਕੇ 170 ਦੇ ਕਰੀਬ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਸੌਂਪੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਤਿੰਦਰ ਕੁਮਾਰ, ਕੁਲਦੀਪ ਅਰੋੜਾ, ਕੈਪਟਨ ਕਰਮ ਚੰਦ, ਪੰਚ ਰਜਿੰਦਰ ਕੁਮਾਰ, ਪੰਚ ਹਰਨਾਮ ਸਿੰਘ, ਹਰੀ ਰਾਮ, ਸਰਬਜੀਤ ਲਾਲ, ਓਂਕਾਰ ਸਿੰਘ ਆਦਿ ਵੀ ਮੌਜੂਦ ਸਨ।